*ਉਦਯੋਗਪੱਖੀ ਮਾਹੌਲ ਸਿਰਜਣ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ’ਚ ਸਹਾਈ ਹੋ ਰਹੀ ਹੈ ਰਾਈਟ ਟੂ ਬਿਜਨਸ ਐਕਟ ਸਕੀਮ -ਡਿਪਟੀ ਕਮਿਸ਼ਨਰ*

0
46

ਮਾਨਸਾ, 26 ਅਪ੍ਰੈਲ (ਸਾਰਾ ਯਹਾਂ/  ਮੁੱਖ ਸੰਪਾਦਕ) ” ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੇਠ ਸੂਬੇ ਭਰ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਅਤੇ ਉਦਯੋਗਪੱਖੀ ਮਾਹੌਲ ਸਿਰਜਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਨਵੇਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਰਾਈਟ ਟੂ ਬਿਜਨਸ ਐਕਟ-2020 ਅਧੀਨ ਇੰਨਪਿ੍ਰੰਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਜ਼ਿਲ੍ਹਾ ਮਾਨਸਾ ਵਿੱਚ ਪੈਂਦੇ ਪਿੰਡ ਗਾਗੋਵਾਲ ਵਿਖੇ ਸਥਾਪਿਤ ਹੋਣ ਜਾ ਰਹੇ ਮੈਸ. ਅੰਬੇ ਫੂਡਜ਼ ਇਕਾਈ ਨੂੰ ਰਾਈਟ ਟੂ ਬਿਜ਼ਨਸ ਐਕਟ-2020 ਦੇ ਤਹਿਤ ਸਰਟੀਫਿਕੇਟ ਇੰਨਪਿ੍ਰੰਸੀਪਲ ਅਪਰੂਵਲ ਜਾਰੀ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਇਕਾਈ ਨੂੰ ਕੇਵਲ 11 ਦਿਨਾਂ ਦੇ ਅੰਦਰ ਹੀ ਇੰਨਪਿ੍ਰੰਸੀਪਲ ਅਪਰੂਵਲ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਕਿਸੇ ਵੀ ਸਿੰਗਲ ਵਿੰਡੋ ਨੂੰ ਅਸਲ ਰੂਪ ਵਿਚ ਲਾਗੂ ਕਰਨਾ ਹੈ, ਕਿਉਂਕਿ ਇਸ ਤਹਿਤ ਕੋਈ ਵੀ ਉਦਮੀ ਜੇਕਰ ਉਦਯੋਗ ਲਗਾਉਣਾ ਚਾਹੁੰਦਾ ਹੈ ਤਾਂ ਉਹ ਇੰਨਵੈਸਟ ਪੰਜਾਬ ਪੋਰਟਲ ’ਤੇ ਲੈਟਰ ਆਫ ਇੰਨਟੈਂਟ ਅਤੇ ਜ਼ਮੀਨ ਸੰਬਧੀ ਦਸਤਾਵੇਜ਼ ਅਪਲੋਡ ਕਰਕੇ ਅਪਲਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 15 ਦਿਨਾਂ ਦੇ ਅੰਦਰ-ਅੰਦਰ ਉਦਮੀ ਨੂੰ ਸਾਰੀਆਂ ਪ੍ਰਮੁੱਖ ਮੰਨਜ਼ੂਰੀਆਂ ਇੰਨਪਿ੍ਰੰਸੀਪਲ ਅਪਰੂਵਲ ਅਧੀਨ ਪ੍ਰਵਾਨ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਇਕਾਈ ਨੂੰ ਉਤਪਾਦਨ ਸ਼ੁਰੂ ਕਰਨ ਵਿੱਚ ਮੁਸ਼ਕਿਲ ਨਾ ਆਵੇ।
ਇਸ ਮੌਕੇ ਮੈਂਬਰ ਸਕੱਤਰ-ਕਮ-ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ,ਮਾਨਸਾ  ਸ੍ਰੀ ਨੀਰਜ ਕੁਮਾਰ ਸੇਤੀਆ ਨੇ ਦੱਸਿਆ ਕਿ ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ ਵੱਲੋਂ ਜਾਰੀ ਇੰਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ ਉੱਪਰ ਅਪਲਾਈ ਕਰਕੇ ਵੱਖ-ਵੱਖ ਵਿਭਾਗਾਂ ਦੀਆਂ 105 ਦੇ ਲਗਭੱਗ  ਰੈਗੂਲੇਟਰੀ ਕਲੀਅਰੈਂਸ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ 10 ਕਰੋੜ ਤੱਕ ਦੇ ਨਿਵੇਸ਼ ਵਾਲੇ ਉਦਯੋਗਾਂ ਨੂੰ ਵਿੱਤੀ ਪ੍ਰੋਤਸਾਹਨ ਜ਼ਿਲ੍ਹਾ ਪੱਧਰ ’ਤੇ ਵਨ ਸਟਾਕ ਵੰਡ ਪ੍ਰਦਾਨ ਪ੍ਰਣਾਲੀ ਰਾਹੀਂ ਜਾਰੀ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਦਾ ਉਦਯੋਗ ਅਤੇ ਕਾਰੋਬਾਰ ਸਥਾਪਿਤ ਕਰਨ ਲਈ ਸੁਖਾਵਾਂ ਮਾਹੌਲ ਸਥਾਪਿਤ ਕਰਨਾ ਪਹਿਲੀ ਤਰਜੀਹ ਹੈ। ਇਸ ਤਰ੍ਹਾਂ ਸਥਾਪਿਤ ਹੋਣ ਵਾਲੇ ਉਦਯੋਗਾਂ ਰਾਹੀਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਆਮ ਲੋਕਾਂ ਲਈ ਰੋਜ਼ਗਾਰ ਉਤਪੰਨ ਹੁੰਦਾ ਹੈ ।
ਉਦਮੀ ਸ੍ਰੀਮਤੀ ਸੁਨੀਤਾ ਰਾਣੀ ਪਤਨੀ ਵਿਜੈ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਹ ਸਕੀਮ ਉਨ੍ਹਾਂ ਦਾ ਸੁਪਨਾ ਸਾਕਾਰ ਕਰਨ ਵਿੱਚ ਬਹੁਤ ਸਹਾਈ ਹੋਈ ਹੈ। ਇਸ ਸਕੀਮ ਰਾਹੀਂ ਉਨ੍ਹਾਂ ਨੂੰ ਆਪਣਾ ਨਵਾਂ ਉਦਯੋਗ ਨੂੰ ਸਥਾਪਿਤ ਕਰਨ ਸਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਬਿਨ੍ਹਾਂ ਕਿਸੇ ਮੁਸ਼ਕਿਲ ਤੋਂ ਸਿੰਗਲ ਐਪਲੀਕੇਸ਼ਨ ਰਾਹੀਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਦਯੋਗ ਅਤੇ ਕਮਰਸ ਵਿਭਾਗ ਦੀ ਇਹ ਪਹਿਲ ਕਦਮੀ ਸੂਬੇ ਵਿੱਚ ਉਦਯੋਗਾਂ ਨੂੰ ਵਿਕਸਤ ਕਰਨ ਅਤੇ ਕਾਰੋਬਾਰ ਦੇ ਖੇਤਰ ਵਿਚ ਚੰਗਾ ਮਾਹੌਲ ਪੈਦਾ ਕਰਨ ਲਈ ਬਹੁਤ ਹੀ ਲਾਹੇਵੰਦ ਸਿੱਧ  ਹੋਵੇਗੀ ।     

NO COMMENTS