*ਈਕੋ ਵੀਲਰਜ ਸਾਈਕਲ ਗਰੁੱਪ ਨੇ ਪਿੰਡ ਰੱਲਾ ਪੁੱਜ ਕੇ ਹੋਣਹਾਰ ਬੱਚੀਆਂ ਦਾ ਕੀਤਾ ਸਨਮਾਨ*

0
17

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ)  : ਈਕੋ ਵੀਲਰਜ ਸਾਈਕਲ ਗਰੁੱਪ ਮਾਨਸਾ ਜੋ ਜਿਲਾ ਮਾਨਸਾ ਦਾ ਹੀ ਨਹੀ, ਸਗੋਂ ਵਿਦੇਸ਼ੀ ਅਤੇ ਹੋਰ ਸਰਗਰਮ ਸਾਈਕਲ ਗਰੁੱਪਾਂ ਵਿੱਚ ਸਮੇਂ ਸਮੇਂ ਸਿਰ ਭਾਗ ਲੈ ਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਕਮਾ ਰਿਹਾ ਹੈ। ਜੋ ਜਿਲਾ ਮਾਨਸਾ ਅਤੇ ਇਸਦੇ ਆਸ ਪਾਸ ਦੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਗਰੁੱਪ ਜਿਥੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੀ ਅਗਵਾਈ ਕਰ ਰਿਹਾ ਹੈ, ਉਥੇ ਹੀ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈ ਕੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਦਾ ਆ ਰਿਹਾ ਹੈ। ਇਸੇ ਲੜੀ ਤਹਿਤ ਅੱਜ ਗਰੁੱਪ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਕਾਕਾ ਜੀ ਦੀ ਯੋਗ ਅਗਵਾਈ ਹੇਠ 35 ਦੇ ਕਰੀਬ ਸਾਈਕਲਿਸਟ ਜੋ 35 ਕਿਲੋਮੀਟਰ ਤੋਂ ਵੱਧ ਦੀ ਰਾਈਡ ਲਗਾ ਕੇ ਪਿੰਡ ਰੱਲਾ ਪੁੱਜੇ, ਕਿਉਕਿ ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰੱਲਾ ਕੋਠੇ ਦੀਆ 5ਵੀ ਕਲਾਸ ਦੀਆ ਹੋਣਹਾਰ ਬੱਚੀਆ ਜਸਪ੍ਰੀਤ ਕੌਰ ਅਤੇ ਨਵਦੀਪ ਕੌਰ ਜਿਹਨਾਂ ਨੇ ਪ੍ਰੀਖਿਆ ਵਿੱਚੋਂ 500 ਵਿੱਚੋ 500 ਨੰਬਰ ਹਾਸਲ ਕਰਕੇ ਪਿੰਡ ਰੱਲਾ ਅਤੇ ਜਿਲਾ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ। ਗਰੁੱਪ ਵੱਲੋਂ ਅੱਜ ਇਹਨਾਂ ਹੋਣਹਾਰ ਲੜਕੀਆਂ ਦਾ ਸਨਮਾਨ ਕਰਨ ਲਈ ਉਚੇਚੇ ਤੌਰ ਤੇ ਇਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਪਿਆਂ ਨੂੰ ਮਿਲ ਕੇ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। ਈਕੋ ਵੀਲਰਜ ਸਾਈਕਲ ਗਰੁੱਪ ਦੇ ਸਰਪ੍ਰਸਤ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਲਾ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾਂ ਜੀ ਵੱਲੋਂ ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜਿਸ ਮਾਨਸਾ ਨੂੰ ਪਛੜਿਆਂ ਜਿਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਉਸ ਮਾਨਸਾ ਜਿਲੇ ਦੇ ਬੱਚੇ ਅੱਜ ਬਹੁਤ ਵੱਡੀਆ ਵੱਡੀਆ ਮੱਲਾਂ ਮਾਰ ਰਹੇ ਹਨ ਅਤੇ ਹਰ ਖੇਤਰ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਤਰੱਕੀ ਦੀਆ ਬੁਲੰਦੀਆਂ ਨੂੰ ਛੂਹ ਰਹੇ ਹਨ। ਇਹ ਹੋਣਹਾਰ ਬੱਚੀਆਂ ਸਾਡੇ ਜਿਲੇ ਲਈ ਪ੍ਰੇਰਣਾ—ਸਰੋਤ ਹਨ ਜਿਹਨਾਂ ਨੇ ਆਪਣੇ ਪਿੰਡ ਦੇ ਨਾਲ ਨਾਲ ਜਿਲਾ ਮਾਨਸਾ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਜਿਹਨਾਂ ਨੇ ਕਿਹਾ ਕਿ ਸਾਡਾ ਗਰੁੱਪ ਇਹਨਾਂ ਬੱਚੀਆਂ ਦੀ ਅੱਗੇ ਦੀ ਪੜ੍ਹਾਈ ਅਤੇ ਸਿਹਤ ਸਬੰਧੀ ਜਰੂਰਤਾਂ ਦੀ ਪੂਰਤੀ ਲਈ ਵਚਨਬੱਧ ਹੈ। ਗਰੁੱਪ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਕਾਕਾ ਜੀ ਵੱਲੋਂ ਇਹਨਾਂ ਹੋਣਹਾਰ ਬੱਚੀਆਂ, ਉਹਨਾਂ ਦੇ ਮਾਪਿਆਂ ਅਤੇ ਸ਼ਨਮਾਨਯੋਗ ਅਧਿਆਪਕਾ ਜਿਹਨਾਂ ਨੇ ਇਹਨਾਂ ਬੱਚੀਆਂ ਨੂੰ ਵਡਮੁੱਲੀ ਸਿੱਖਿਆ ਪ੍ਰਦਾਨ ਕੀਤੀ, ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਉਹ ਵੀ ਇਸੇ ਇਲਾਕੇ ਦੇ ਵਸਨੀਕ ਹਨ ਅਤੇ ਈਕੋ ਵੀਲਰਜ ਸਾਈਕਲ ਗਰੁੱਪ ਹਮੇਸ਼ਾ ਇਹਨਾਂ ਬੱਚੀਆਂ ਅਤੇ ਇਹਨਾਂ ਦੇ ਮਾਪਿਆਂ ਦੇ ਨਾਲ ਖੜਾ ਹੈੇ। ਜਿਹਨਾਂ ਵੱਲੋਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਡੇ ਇਸ ਸਾਈਕਲ ਗਰੁੱਪ ਵਿੱਚ 70 ਤੋਂ ਵੱਧ ਐਕਟਿਵ ਮੈਂਬਰ ਹਨ। ਇਸ ਗਰੁੱਪ ਦੇ ਹੋਣਹਾਰ 10 ਤੋਂ ਵੱਧ ਰਾਈਡਰਾਂ ਨੇ ਵਿਦੇਸ਼ੀ ਅਤੇ ਹੋਰ ਵੱਖ ਵੱਖ ਸਾਈਕਲ ਗਰੁੱਪਾਂ ਵਿੱਚ ਭਾਗ ਲੈ ਕੇ 200,300,400,600 ਕਿਲੋਮੀਟਰਾਂ ਦੀਆਂ ਰਾਈਡਾਂ ਦਿੱਤੇ ਸਮੇਂ ਤੋਂ ਪਹਿਲਾਂ ਪੂਰੀਆ ਕਰਕੇ ਉਹ ਐਸ.ਆਰ. ਬਣੇ ਹਨ। ਜਿਹਨਾਂ ਵਿੱਚੋ ਅੰਕੁਸ਼ ਕੁਮਾਰ ਜੋ 2 ਵਾਰ ਐਸ.ਆਰ. ਹੈ ਜਿਸਨੇ 1200 ਕਿਲੋਮੀਟਰ ਦੀ ਰਾਈਡ, ਸਵੀ ਚਹਿਲ 3 ਵਾਰ ਐਸ.ਆਰ. ਅਤੇ 1000 ਕਿਲੋਮੀਟਰ ਰਾਈਡ ਅਤੇ ਅਮਨ ਔਲਖ 6 ਵਾਰ ਐਸ.ਆਰ. ਅਤੇ 600 ਕਿਲੋਮੀਟਰ ਦੀ ਸਿਵਾਲਿਕ ਸਿਗਨੇਚਰ ਰੇਸ਼ ਵਿੱਚੋੋ ਫਸਟ ਪੁਜੀਸ਼ਨਾਂ ਹਾਸਲ ਕਰਕੇ ਇਹਨਾਂ ਹੋਣਹਾਰ ਰਾਈਡਰਾਂ ਵੱਲੋਂ ਜਿਲਾ ਮਾਨਸਾ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਜਿਹਨਾਂ ਵੱਲੋਂ ਹਾਜ਼ਰੀਨ ਨੂੰ ਸਮਾਂ ਕੱਢ ਕੇ ਵੱਧ ਤੋਂ ਵੱਧ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੁੱਜੇ ਡਾ. ਹਰਪਾਲ ਸਿੰਘ ਸਰਾਂ ਜੀ ਨੇ ਵੀ ਇਹਨਾਂ ਹੋਣਹਾਰ ਬੱਚੀਆਂ ਨੂੰ ਹਰ ਕਿਸਮ ਦੀ ਯੋਗ ਸਹਾਇਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਈ। ਈਕੋ ਵੀਲਰਜ ਮਾਨਸਾ ਦੇ ਉਪ ਪ੍ਰਧਾਨ ਸ੍ਰੀ ਬਲਜੀਤ ਸਿੰਘ ਬਾਜਵਾ ਜੀ ਨੇ ਇਸ ਮੌਕੇ ਦੋਨਂੋ ਬੱਚੀਆਂ ਨੂੰ ਗਰੁੱਪ ਵੱਲੋਂ ਵਿੱਤੀ ਸਹਾਇਤਾਂ ਦਾ 1/1 ਲਿਫਾਫਾ ਭੇਂਟ ਕੀਤਾ। ਇਸ ਮੌਕੇ ਸ੍ਰੀ ਪੁਸ਼ਪਿੰਦਰ ਸਿੰਘ ਖੁਰਮੀ ਜੋ ਪਿੰਡ ਰੱਲਾ ਦੇ ਸਕੂਲ ਵਿੱਚ ਸਰਕਾਰੀ ਅਧਿਆਪਕ ਹੈ ਅਤੇ ਗਰੁੱਪ ਦਾ ਸਰਗਰਮ ਮੈਂਬਰ ਹੈ, ਨੇ ਵੀ ਸਾਈਕਲ ਚਲਾ ਕੇ ਆਪਣੀ ਹਾਜ਼ਰੀ ਲਗਵਾਈ। ਅਖੀਰ ਵਿੱਚ ਬੱਚੀਆਂ, ਪਰਿਵਾਰਕ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਗਰੁੱਪ ਨਾਲ ਬੈਠ ਕੇ ਚਾਹ—ਪਾਣੀ ਪੀਤਾ ਗਿਆ ਅਤੇ ਜਿਹਨਾਂ ਵੱਲੋਂ ਪਿੰਡ ਰੱਲਾਂ ਵਿਖੇ ਪੁੱਜਣ ਤੇ ਗਰੁੱਪ ਦਾ ਧੰਨਵਾਦ ਵੀ ਕੀਤਾ ਗਿਆ।

……………

NO COMMENTS