ਇੱਕ ਮਹੀਨੇ ਤੋਂ ਖੜ੍ਹੀ ਟਰੇਨ ਨੂੰ ਵਿਭਾਗ ਵੱਲੋਂ ਚਲਾਉਣ ਦਾ ਨਹੀਂ ਲਿਆ ਜਾ ਰਿਹਾ ਨਾਮ

0
101

ਬਰੇਟਾ 26 ਦਸੰਬਰ (ਸਾਰਾ ਯਹਾ /ਰੀਤਵਾਲ)ਰੇਲਵੇ ਵਿਭਾਗ ਵੱਲੋਂ ਪਿੰਡ ਵਾਲੇ ਪਾਸੇ ਖੜ੍ਹੀ ਕੀਤੀ ਗਈ ਰੇਲ ਗੱਡੀ ਨੂੰ
ਅੱਜ ਲਗਭਗ ਇੱਕ ਮਹੀਨੇ ਦਾ ਸਮਾਂ ਹੋ ਚੁੱਕਾ ਹੈ । ਜਿਸ ਬਾਰੇ ਵਾਰ ਵਾਰ ਕਹਿਣ ਤੇ ਵੀ
ਵਿਭਾਗ ਵੱਲੋਂ ਇਸਨੂੰ ਇੱਥੋਂ ਚਲਾਉਣ ਦਾ ਨਾਮ ਨਹੀਂ ਲਿਆ ਜਾ ਰਿਹਾ । ਜਿਸਨੂੰ
ਦੇਖਦੇ ਜਾਪ ਰਿਹਾ ਹੈ ਕਿ ਵਿਭਾਗ ਹਾਲੇ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਹੈ । ਦੱਸਣਯੋਗ
ਹੈ ਕਿ ਇਸ ਰੇਲ ਗੱਡੀ ਦੇ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਹੀ ਦਿਕੱਤਾਂ ਦਾ ਸਾਹਮਣਾ
ਕਰਨਾ ਪੈ ਰਿਹਾ ਹੈ ਅਤੇ ਲੋਕ ਜਾਨ ਜੋਖਮ ‘ਚ ਪਾ ਕੇ ਆਪਣੇ ਕੰਮਕਾਜ਼ ਦੇ ਲਈ ਬਾਜ਼ਾਰ
ਵੱਲ ਜਾਂਦੇ ਹਨ । ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਸਾਡੇ ਨਾਲ ਕਿਸ ਗੱਲ ਦੀ ਦੁਸ਼ਮਣੀ ਕੱਢ ਰਿਹਾ
ਹੈ । ਜੋ ਵਾਰ ਵਾਰ ਕਹਿਣ ਤੇ ਵੀ ਇਸ ਟਰੇਨ ਨੂੰ ਇੱਥੋਂ ਚਲਾਉਣ ਦਾ ਨਾਮ ਨਹੀਂ ਲੈ ਰਿਹਾ
। ਉਨ੍ਹਾਂ ਕਿਹਾ ਕਿ ਕਈ ਵਾਰ ਬਿਰਧ ਅਤੇ ਬਿਮਾਰ ਵਿਅਕਤੀ ਇਸ ਗੱਡੀ ਦੇ ਹੇਠਾਂ ਦੀ ਲੰਘਣ
ਸਮੇਂ ਸੱਟਾਂ ਵੀ ਖਾ ਚੁੱਕੇ ਹਨ ਅਤੇ ਬਹੁਤੇ ਵਿਅਕਤੀ ਮਜਬੂਰਨ ਉੱਪਰ ਦੀ ਗੇੜ ਪਾ ਕੇ
ਬਾਜ਼ਾਰ ਨੂੰ ਜਾਂਦੇ ਹਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਰੇਲ ਗੱਡੀ ਦਾ ਨਸ਼ੇੜੀ ਕਿਸਮ
ਦੇ ਲੋਕ ਖੂਬ ਲਾਹਾ ਲੈਂਦੇ ਹਨ ਜੋ ਰਾਤ ਸਮੇਂ ਇਸਦੇ ਥੱਲੇ ਬੈਠਕੇ ਵੱਖ ਵੱਖ ਤਰਾਂ੍ਹ ਦੇ
ਨਸ਼ੇ ਕਰਦੇ ਦੇਖੇ ਜਾਂਦੇ ਹਨ ਅਤੇ ਜੋ ਕਿਸੇ ਸਮੇਂ ਵੀ ਖੜ੍ਹੀ ਟਰੇਨ ਦਾ ਨੁਕਸਾਨ ਵੀ ਕਰ
ਸਕਦੇ ਹਨ । ਪਿੰਡ ਵਾਸੀਆਂ ਦੀ ਰੇਲਵੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਇਸ ਗੱਡੀ
ਨੂੰ ਇੱਥੋ ਜਲਦ ਤੋਂ ਜਲਦ ਚਲਾਇਆ ਜਾਵੇ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਮਿਲ ਸਕੇ ।
ਇਸ ਸਬੰਧੀ ਵਾਰ ਵਾਰ ਰਾਬਿਤਾ ਕਾਇਮ ਕਰਨ ਤੇ ਰੇਲਵੇ ਕਰਮਚਾਰੀਆਂ ਨਾਲ ਸੰਪਰਕ ਨਹੀ ਹੋ
ਸਕਿਆ ।

NO COMMENTS