ਇਹ ਚਿੜੀਆਂ, ਇਹ ਕੁੜੀਆਂ..ਕਿਉਂ ਜੱਗ ਉਤੋਂ ਥੁੜੀਆਂ..?ਔਰਤ ਜਾਤ ਮਿਟਾਵਣ ਲਈ,ਫੜੀਆਂ ਔਰਤ ਹੱਥ ਛੂਰੀਆਂ…
ਇਹ ਮੂਰਤਾਂ ਸ਼ਹਿਣਸ਼ੀਲਤਾ ਦੀਆਂ,ਸਬਰ ਨੂੰ ਪੀਣਾ ਜਾਣਦੀਆਂ…ਹਰ ਰਿਸ਼ਤੇ ਵਿੱਚ ਰਹਿ ਕੇ,ਅਧੀਨਤਾ ਵਿੱਚ ਜੀਣਾ ਜਾਣਦੀਆਂ…ਫਿਰ ਕਿਹੜੇ ਗੁਨਾਹਾਂ ਦੀਆਂ,ਸਜ਼ਾਵਾਂ ਲੈ ਤੁਰੀਆਂ…ਇਹ ਚਿੜੀਆਂ, ਇਹ ਕੁੜੀਆਂ..ਕਿਉਂ ਜੱਗ ਉੱਤੋਂ ਥੁੜੀਆਂ..?
ਕਿਉਂ ਲਾਲਸਾ ਪੁੱਤਰਾਂ ਦੀ,ਐਨੀਆਂ ਹੱਦਾਂ ਟੱਪ ਗਈ?..ਸ਼ਰੀਫੀ ਸਾਡੇ ਖ਼ਾਨਦਾਨਾਂ ਦੀ,ਸੰਘੀ ਧੀਆਂ ਦੀ ਨੱਪ ਗਈ…ਵਿਹੜੇ ਵਿੱਚ ਖੇਡਦੀਆਂ,ਕੀ ਲੱਗਦੀਆਂ ਸੀ ਬੁਰੀਆਂ…ਇਹ ਚਿੜੀਆਂ, ਇਹ ਕੁੜੀਆਂ..ਕਿਉਂ ਜੱਗ ਉੱਤੋਂ ਥੁੜੀਆਂ..?
ਪੁੱਤਰਾਂ ਨਾਲ ਵੰਸ਼ ਤੁਰਦੇ,ਗੱਲ ਦੀ ਕੋਈ ਤੁਕ ਨਹੀਂ ਬਣਦੀ…ਕੀ ਹੋਂਦ ਅਗਲੀ ਪੀੜ੍ਹੀ ਦੀ,ਜੇਕਰ ਔਰਤ ਨਈਂ ਜਣਦੀ…ਉਹ ਵੀ ਧੀ ਕਿਸੇ ਦੀ ਸੀ,ਜੀਹਦੇ ਕਰਕੇ ਵੇਖੀ ਅਸੀਂ ਦੁਨੀਆਂ…ਇਹ ਚਿੜੀਆਂ, ਇਹ ਕੁੜੀਆਂ..ਕਿਉਂ ਜੱਗ ਉਤੋਂ ਥੁੜੀਆਂ..?
ਇਕ-ਜੁਟ ਹੋਣਾ ਪਊ ਔਰਤ ਨੂੰ,ਅਪਣੀ ਹੋਂਦ ਬਚਾਵਣ ਲਈ…ਜੁਲਮ,ਕੁਰੀਤੀਆਂ ਨਾਲ ਲੜਨਾ ਪਊ,ਖੁਦ ਨੂੰ ਉੱਚਾ ਉਠਾਵਣ ਲਈ…ਉਸ ਦਿਨ ਤੋਂ ਧੀ ਨਾ ਕਤਲ ਹੋਊ,‘ਔਲਖ’ ਜਿਸ ਦਿਨ ਇਹ ਆ ਜੁੜੀਆਂ…ਇਹ ਚਿੜੀਆਂ, ਇਹ ਕੁੜੀਆਂ..ਕਿਉਂ ਜੱਗ ਉੱਤੋਂ ਥੁੜੀਆਂ..?ਔਰਤ ਜਾਤ ਮਿਟਾਵਣ ਲਈ,ਫੜੀਆਂ ਔਰਤ ਹੱਥ ਛੂਰੀਆ…