ਬਰੇਟਾ10,ਫਰਵਰੀ (ਸਾਰਾ ਯਹਾ /ਰੀਤਵਾਲ): ਪਿਛਲੇ ਕੁਝ ਸਾਲਾਂ ਤੋਂ ਬੰਦ ਹੋਏ ਡੀ.ਏ.ਵੀ. ਸਕੂਲ ਦੀ ਇਮਾਰਤ ਹੁਣ ਖੰਡਰ ਬਣਦੀ ਜਾ ਰਹੀ ਹੈ ।
ਦੱਸਣਯੋਗ ਹੈ ਕਿ ਇਸ ਜਗਾਂ੍ਹ ਦੀ ਕੀਮਤ ਕਰੋੜਾਂ ‘ਚ ਦੱਸੀ ਜਾ ਰਹੀ ਹੈ । ਇਸੇ ਲਾਲਚ ਨੂੰ ਲੈ ਕੇ ਕੁਝ ਸਿਆਸੀ ਅਤੇ
ਸ਼ਾਤਿਰ ਦਿਮਾਗ ਦੇ ਲੋਕ ਇੱਕ ਵਾਰ ਇਸ ਜਗਾਂ੍ਹ ਨੂੰ ਵੇਚਣ ਦੇ ਲਈ ਹੱਥ ਪੈਰ ਮਾਰ ਚੁੱਕੇ ਹਨ ਪਰ ਉਸ ਸਮੇਂ ਲੋਕਾਂ
ਦਾ ਵਿਰੋਧ ਹੋ ਜਾਣ ਕਾਰਨ ਉਹ ਆਪਣੇ ਮਕਸਦ ‘ਚ ਸਫਲ ਨਾ ਹੋ ਸਕੇ । ਸੂਤਰਾਂ ਅਨੁਸਾਰ ਹੁਣ ਫਿਰ ਕੁਝ ਉਮੀਦਵਾਰ
ਇਸ ਮਕਸਦ ‘ਚ ਕਾਮਯਾਬ ਹੋਣ ਦੇ ਲਈ ਕੌਂਸਲ ਚੋਣਾਂ ‘ਚ ਹਿੱਸਾ ਲੈ ਰਹੇ ਹਨ ਅਤੇ ਜਿੱਤ ਹਾਸਿਲ ਕਰਨ ਦੇ ਲਈ ਲੱਖਾਂ
ਰੁਪਇਆ ਖਰਚ ਕਰ ਰਹੇ ਹਨ । ਲੋਂਕੀ ਕਹਿ ਰਹੇ ਹਨ ਕਿ ਜੇਕਰ ਇਸ ਵਾਰ ਫਿਰ ਗਲਤ ਉਮੀਦਵਾਰ ਕੌਂਸਲਰ ਬਣਨਗੇ ਤਾਂ ਫਿਰ
ਸਕੂਲ ਵਾਲੀ ਬੇਸ਼ਕੀਮਤੀ ਥਾਂ ਦੀਆਂ ਬੁਣੀਆਂ ਵੱਟੀਆਂ ਗਈਆਂ ਸਮਝੋਂ । ਸੁਣਨ ‘ਚ ਇਹ ਵੀ ਆ ਰਿਹਾ ਹੈ ਕਿ ਇਸ
ਵਾਰ ਅੱਧ ਤੋਂ ਜਿਆਦਾ ਉਮੀਦਵਾਰ ਕਾਂਗਰਸ ਪਾਰਟੀ ਦੇ ਚੋਣ ਜਿੱਤਣਗੇ ਅਤੇ ਜੋ ਪਹਿਲਾਂ ਹੀ ਕੁਝ ਕਾਂਗਰਸੀ ਆਗੂਆਂ
ਨੂੰ ਜੁਬਾਨ ਦੇ ਚੁੱਕੇ ਹਨ ਕਿ ਕੌਂਸਲਰ ਬਣ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਸਮੇਂ ਸਾਡੀ ਵੋਟ ਤੁਹਾਡੇ ਹੱਕ ‘ਚ ਹੀ
ਭੁਗਤੇਗੀ । ਇਸੇ ਭਰੋਸੇ ਨੂੰ ਲੈ ਕੇ ਕੁਝ ਸਿਆਸੀ ਆਗੂਆਂ ਵੱਲੋਂ ਵੱਡੇ ਪੱਧਰ ਤੇ ਉਨ੍ਹਾਂ ਤੇ ਖਰਚ ਕੀਤਾ ਜਾ
ਰਿਹਾ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਉਮੀਦਵਾਰਾਂ ਵੱਲੋਂ ਆਪਣੇ ਮੁਕਾਬਲੇ ‘ਚ ਠੋਸ ਉਮੀਦਵਾਰ ਨਾ
ਹੋਣ ਕਾਰਨ ਉਹ ਹੁਣ ਤੋਂ ਹੀ ਪ੍ਰਧਾਨਗੀ ਦੀ ਕੁਰਸੀ ਦੇ ਸੁਪਨੇ ਲੈਣ ਲੱਗ ਪਏ ਹਨ । ਦੂਜੇ ਪਾਸੇ ਸਕੂਲ ਦੀ
ਬੇਸ਼ਕੀਮਤੀ ਜਗਾਂ੍ਹ ਨੂੰ ਵੇਚਣ ਤੋਂ ਬਚਾਉਣ ਦੇ ਲਈ ਸਾਫ ਅਕਸ਼ ਵਾਲੇ ਲੋਕ ਵੋਟਰਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ
ਇਸ ਵਾਰ ਚੰਗੇ ਉਮੀਦਵਾਰਾਂ ਨੂੰ ਹੀ ਵੋਟ ਦੇ ਕੇ ਕੌਂਸਲਰ ਬਣਾਉਣ ਜਦਕਿ ਦੂਜੇ ਪਾਸੇ ਆਵਾਜ਼ ਬੁਲੰਦ ਲੋਕ ਕਹਿ
ਰਹੇ ਹਨ ਕਿ ਵੋਟਰ ਚੰਗੇ ਮਾੜੇ ਉਮੀਦਵਾਰ ਦੀ ਪਰਖ ਕਿੱਥੋਂ ਕਰ ਲੈਣਗੇ ਕਿਉਕਿ ਕੁਝ ਵਾਰਡਾਂ ਦੇ ਵੋਟਰਾਂ ਨੂੰ ਤਾਂ
ਉਮੀਦਵਾਰ ਵੀ ਦੂਸਰੇ ਵਾਰਡਾਂ ਵਿੱਚੋਂ ਲਿਆ ਕੇ ਮੈਦਾਨ ‘ਚ ਉਤਾਰਨੇ ਪਏ ਹਨ ।