*ਇਕੱਠੇ ਬੁਝੇ 3 ਪਰਿਵਾਰਾਂ ਦੇ ਚਿਰਾਗ, ਹਿਮਾਚਲ ਘੁੰਮਣ ਗਏ ਹਰਿਆਣਾ ਦੇ 2 ਸਕੇ ਭਰਾਵਾਂ ਸਮੇਤ 4 ਦੀ ਮੌਤ*

0
113

ਕੈਥਲ, 6 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਸਵਾਰਘਾਟ ਰਾਸ਼ਟਰੀ ਰਾਜਮਾਰਗ 205 ਚੰਡੀਗੜ੍ਹ ਮਨਾਲੀ ਦੇ ਗੰਭਰ ਪੁੱਲ ਨਾਂ ਦੇ ਸਥਾਨ ’ਤੇ ਇਕ ਦਰਦਨਾਕ ਦੁਰਘਟਨਾ ’ਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਸਾਰੇ ਨੌਟਵਾਨ ਹਰਿਆਣਾ ਦੇ ਕੈਥਲ ਤੋਂ ਮਨਾਲੀ ਘੁੰਮਣ ਜਾ ਰਹੇ ਸਨ ਕਿ ਇਨ੍ਹਾਂ ਦੀ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਤੋਂ ਕਰੀਬ 1 ਕਿਲੋਮੀਟਰ ਹੇਠਾਂ ਜਾ ਡਿੱਗੀ। ਇਨ੍ਹਾਂ ’ਚੋਂ 3 ਨੌਜਵਾਨਾਂ ਦੀਆਂ ਲਾਸ਼ਾਂ ਕਾਰ ’ਚ ਫਸੀਆਂ ਹੋਈਆਂ ਸਨ ਜਦਕਿ 1 ਨੌਜਵਾਨ ਕਾਰ ਤੋਂ ਬਾਹਰ ਪਿਆ ਹੋਇਆ ਮਿਲਿਆ। ਇਹ ਹਾਦਸਾ ਕਈ ਦਿਨ ਪਹਿਲਾਂ ਹੋ ਚੁੱਕਾ ਸੀ  ਪਰ ਕਿਸੇ ਨੂੰ ਇਸ ਬਾਰੇ ਪਹਿਲਾਂ ਪਤਾ ਨਹੀਂ ਚੱਲਿਆ।

ਜਾਣਕਾਰੀ ਮੁਤਾਬਕ, ਦਰਸ਼ਨ ਸਿੰਘ ਮਾਲਖੇੜੀ ਦੇ ਵੱਡੇ ਪੁੱਤਰ ਰਾਹੁਲ (24) ਦਾ ਯੂਰਪ ਦਾ ਵੀਜ਼ਾ ਲੱਗਣ ਵਾਲਾ ਸੀ। ਯੂਰਪ ਜਾਣ ਤੋਂ ਪਹਿਲਾਂ ਹੀ ਉਹ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਤੋਂ ਬਾਅਦ ਉਹ ਆਪਣੇ ਛੋਟੇ ਭਰਾ ਅਭਿਸ਼ੇਕ (21) ਨੂੰ ਵੀ ਨਾਲ ਲੈ ਗਿਆ। ਦੋਸਤ ਮੋਹਿਤ ਅਤੇ ਰੋਬਿਨ ਨੂੰ ਲੈ ਕੇ ਮੋਹਿਤ ਦੀ ਕਾਰ ’ਚ ਸਵਾਰ ਹੋ ਕੇ 3 ਅਕਤੂਬਰ ਨੂੰ ਘੁੰਮਣ ਨਿਕਲੇ ਸਨ। ਮੰਗਲਵਾਰ 5 ਅਕਤੂਬਰ ਨੂੰ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚਿਆਂ ਨਾਲ ਹਿਮਾਚਲ ’ਚ ਹਾਦਸਾ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਚਾਰਾਂ ਦੇ ਪਰਿਵਾਰ ਵਾਲੇ ਹਿਮਾਚਲ ਪ੍ਰਦੇਸ਼ ਲਈ ਨਿਕਲ ਪਏ। ਪਰਿਵਾਰ ਦੀਆਂ ਜਨਾਨੀਆਂ ਅਤੇ ਕਈ ਮੈਂਬਰਾਂ ਨੂੰ ਹਾਦੇ ਦੀ ਅਜੇ ਤਕ ਜਾਣਕਾਰੀ ਨਹੀਂ ਹੈ, ਜਿਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਮਿਲੀ ਉਹ ਸਦਮੇ ’ਚ ਹਨ। 


ਜਦੋਂ ਪਰਿਵਾਰ ਮੈਂਬਰਾਂ ਦੁਆਰਾ ਕੀਤੇ ਗਏ ਫੋਨ ਨੌਜਵਾਨਾਂ ਨੇ ਨਹੀਂ ਚੁੱਕੇ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਕੈਥਲ ਪੁਲਸ ਨੂੰ ਦਿੱਤੀ। ਕੈਥਲ ਪੁਲਸ ਦੁਆਰਾ ਬਿਲਾਸਪੁਰ ਪੁਲਸ ਨਾਲ ਇਸ ਸੰਬੰਧ ’ਚ ਕੀਤੇ ਗਏ ਸੰਪਰਕ ਤੋਂ ਬਾਅਦ ਨੌਜਵਾਨਾਂ ਦੇ ਫੋਨ ਦੀ ਲੋਕੇਸ਼ਨ ਸਵਾਰਘਾਟ ਕੋਲ ਪਾਈ ਗਈ। ਸੂਚਨਾ ’ਤੇ ਸਵਾਰਘਾਟ ਪੁਲਸ ਦਾ ਕਾਂਸਟੇਬਲ ਅਜੇ ਕੁਮਾਰ ਜਦੋਂ ਮੰਗਲਵਾਰ ਨੂੰ ਗਸ਼ਤ ’ਤੇ ਸੀ ਤਾਂ ਉਸ ਨੇ ਗੰਭਰ ਪੁਲ ਦੇ ਕੋਲ ਪੈਰਾਪਿਟ ਟੁੱਟੀ ਵੇਖੀ ਜਿਸ ਦੇ ਆਧਾਰ ’ਤੇ ਜਦੋਂ ਸੜਕ ਤੋਂ ਕਰੀਬ 1 ਕਿਲੋਮੀਟਰ ਹੇਠਾਂ ਘਣੇ ਜੰਗਲ ’ਚ ਜਾ ਕੇ ਵੇਖਿਆ ਗਿਆ ਤਾਂ ਸਾਰੇ ਨੌਜਵਾਨ ਮ੍ਰਿਤਕ ਪਾਏ ਗਏ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ’ਚੋਂ ਬਦਬੂ ਆ ਰਹੀ ਸੀ ਜਿਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਹਾਦਸਾ ਕਈ ਦਿਨ ਪਹਿਲਾਂ ਹੋ ਚੁੱਕਾ ਸੀ। ਪੁਲਸ ਅਤੇ ਸਥਾਨਕ ਲੋਕਾਂ ਦੁਆਰਾ ਸਖਤ ਮਿਹਤਨ ਤੋਂ ਬਾਅਦ ਸਾਰੇ ਨੌਜਵਾਨਾਂ ਨੂੰ ਡੁੰਘੀ ਖੱਡ ’ਚੋਂ ਬਾਹਰ ਕੱਢਿਆ ਗਿਆ। 

NO COMMENTS