*ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ : ਏ.ਡੀ.ਸੀ.*

0
9

ਮਾਨਸਾ, 20 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ ਨੇ ਦੱਸਿਆ ਕਿ ਜ਼ਿਲਾ ਮਾਨਸਾ ਦੇ ਵੱਖ-ਵੱਖ ਪਿੰਡਾਂ ਵਿੱਚ ਆਜਾਦੀ ਦਾ ਅਮਿ੍ਰੰਤ ਮਹਾਉਤਸਵ ਤਹਿਤ ਪਾਣੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਕਿ 02 ਜੂਨ 2022 ਤੱਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਣੀ ਨੂੰ ਬਚਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਲੋਕਾਂ ਨੂੰ ਪਿੰਡਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਅਤੇ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਜਿਸ ਵਿੱਚ ਗ੍ਰਾਮ ਪੰਚਾਇਤਾਂ ਨੂੰ ਛੱਪੜਾਂ ਦੇ ਕੰਮ, ਸੋਕ ਪਿੱਟ ਅਤੇ ਪੌਦੇ ਲਗਾਉਣ ਸਬੰਧੀ ਪ੍ਰੇਰਿਤ ਵੀ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਜ਼ਿਲਾ ਮਾਨਸਾ ਨੂੰ ਹਰਿਆ-ਭਰਿਆ ਬਣਾਉਣ ਲਈ ਵਿਸ਼ਵ ਵਾਤਾਵਰਣ ਦਿਵਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲੇ ਦੇ ਪਿੰਡਾਂ ਵਿੱਚ 60000 ਪੌਦੇ ਵੀ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅੱਜ ਬਲਾਕ ਭੀਖੀ ਦੇ ਪਿੰਡਾਂ ਹੋਡਲਾ ਕਲਾਂ, ਮੋਹਰ ਸਿੰਘ ਵਾਲਾ ਆਦਿ ਵਿਖੇ ਚੱਲ ਰਹੇ ਕੰਮਾਂ ਦੀ ਚੈਕਿੰਗ ਵੀ ਕੀਤੀ ਗਈ। ਉਨਾਂ ਨਹਿਰੀ ਸੂਏ ਦੀ ਡਿਸਿਲਟਿੰਗ ਦੇ ਕੰਮ, ਪੌਦਿਆਂ ਦੀ ਸਾਂਭ-ਸੰਭਾਲ ਅਤੇ ਸਕੂਲ ਵਿੱਚ ਸੋਕ ਪਿੱਟ ਆਦਿ ਕੰਮਾਂ ਦੀ ਚੈਕਿੰਗ ਕੀਤੀ। ਉਹਨਾਂ ਵੱਲੋਂ ਚੈਕਿੰਗ ਦੌਰਾਨ ਮੌਕੇ ’ਤੇ ਹਾਜ਼ਰ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਮਗਨਰੇਗਾ ਸਕੀਮ ਅਧੀਨ ਪਾਰਦਰਸ਼ਤਾ ਲਿਆਉਣ ਲਈ ਲੇਬਰ ਦੀ ਹਾਜ਼ਰੀ ਮੋਬਾਇਲ ਮੋਨਿਟਰਿੰਗ ਸਿਸਟਮ ਰਾਹੀਂ ਹੀ ਲਗਾਉਣੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਕੰਮ ਦੀ ਗੁਣਵੱਤਾ ਨੂੰ ਵਧਾਇਆ ਜਾ ਸਕੇ।
ਇਸ ਦੌਰਾਨ ਉਨਾਂ ਮੌਕੇ ’ਤੇ ਹਾਜ਼ਰ ਜੋਬ ਕਾਰਡ ਧਾਰਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਜੋਬ ਕਾਰਡ ਧਾਰਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਜੋਬ ਕਾਰਡ ਉੱਪਰ ਹਾਜ਼ਰੀਆਂ ਲਗਾਉਣੀਆਂ ਯਕੀਨੀ ਬਣਾਈਆਂ ਜਾਣ ਅਤੇ ਜੋਬ ਕਾਰਡ ਧਾਰਕਾਂ ਨੂੰ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਆਊਟਪੁੱਟ ਸਬੰਧੀ ਜਾਣਕਾਰੀ ਮੇਟ ਰਾਹੀਂ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ।
ਇਸ ਦੌਰਾਨ ਜ਼ਿਲਾ ਨੋਡਰ ਅਫ਼ਸਰ ਮਗਨਰੇਗਾ ਮਨਦੀਪ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭੀਖੀ ਬਲਦੇਵ ਸਿੰਘ, ਤਕਨੀਕੀ ਸਹਾਇਕ ਕੁਡਦੀਪ ਸਿੰਘ ਤਕਨੀਕੀ ਸਹਾਇਕ ਮਗਨਰੇਗਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।    

NO COMMENTS