ਆਜ਼ਾਦੀ ਘੁਲਾਟੀਏ ਸ. ਬਿਹਾਰਾ ਸਿੰਘ ਦਾ ਰਾਸ਼ਟਰਪਤੀ ਤਰਫੋਂ ਏ.ਡੀ.ਸੀ. ਨੇ ਕੀਤਾ ਸਨਮਾਨ

0
23

ਮਾਨਸਾ, 09 ਅਗਸਤ   (ਸਾਰਾ ਯਹਾ, ਜੋਨੀ ਜਿੰਦਲ)  : ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਆਜਾਦੀ ਘੁਲਾਟੀਆ ਦਾ ਸਨਮਾਨ ਕਰਨ ਲਈ ਅੱਜ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ਵਿਖੇ ਆਜਾਦੀ ਘੁਲਾਟੀਏ ਸ. ਬਿਹਾਰਾ ਸਿੰਘ (93 ਸਾਲ) ਨੂੰ ਸ਼ਾਲ ਅਤੇ ਅੰਗਵਸਤਰਮ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ‘ਕੁਇਟ ਇੰਡੀਆ ਮੂਵਮੈਂਟ’ ਦੀ ਵਰ੍ਹੇਗੰਢ ਤਹਿਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਅਤੇ ਅਹਿਮ ਭੁਮਿਕਾ ਪਾਉਣ ਵਾਲੇ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਸ. ਬਿਹਾਰਾ ਸਿੰਘ ਜੀ ਨੂੰ ਸਨਮਾਨਿਤ ਕਰਨ ਸਮੇਂ ਉਹ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ਼੍ਰੀ ਗੁੱਜਰ ਸਿੰਘ ਦੇ ਘਰ ਅਤੇ ਸ਼੍ਰੀਮਤੀ ਚੰਦ ਕੌਰ ਦੀ ਕੁੱਖੋ 1927 ਵਿੱਚ ਜਨਮੇ ਬਿਹਾਰਾ ਸਿੰਘ ਨੇ 8ਵੀਂ ਜਮਾਤ ਤੱਕ ਵਿੱਦਿਆ ਹਾਸਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਬਿਹਾਰਾ ਸਿੰਘ ਜੀ 15 ਸਾਲ ਦੀ ਉਮਰ ਵਿੱਚ ਆਜ਼ਾਦ ਹਿੰਦ ਫੌਜ਼ ਵਿਖੇ ਭਰਤੀ ਹੋਏ ਅਤੇ 1942 ਤੋਂ 1945 ਤੱਕ ਜੰਗ ਲੜਦੇ ਰਹੇ।ਉਨ੍ਹਾਂ ਦੱਸਿਆ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਜੰਗੀ ਕੈਦੀਆਂ ਦੇ ਤੌਰ ‘ਤੇ ਰੰਗੂਨ ਵਿਖੇ 13 ਮਹੀਨੇ ਜੇਲ੍ਹ ਕੱਟੀ।ਉਨ੍ਹਾਂ ਦੱਸਿਆ ਕਿ 1962 ਵਿੱਚ ਉਨ੍ਹਾਂ ਦਾ ਵਿਆਹ ਰਤਨਗੜ੍ਹ ਤਹਿਸੀਲ ਰਤੀਆ ਵਿਖੇ ਫਤੇਹਾ ਬਾਈ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ 2 ਪੁੱਤਰਾਂ ਦਾ ਜਨਮ ਹੋਇਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਸ. ਬਿਹਾਰਾ ਸਿੰਘ ਜੀ ਨੂੰ ਤਿੰਨ ਵਾਰ ਰਾਸ਼ਟਰਪਤੀ ਵੱਲੋਂ ਸਨਮਾਨ ਪੱਤਰ ਮਿਲ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਬਿਹਾਰਾ ਸਿੰਘ ਜੀ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ।ਉਨ੍ਹਾਂ ਦੱਸਿਆ ਕਿ ਉਹ ਪੂਰੀ ਤਰ੍ਹਾਂ ਨਾਲ ਤੰਦਰੁਸਤ ਹਨ।
ਵਧੀਕ ਡਿਪਟੀ ਕਮਿਸ਼ਨਰ ਦੀ ਤਰਫੋਂ ਦੇਸ਼ ਦੇ ਰਾਸ਼ਟਰਪਤੀ ਵੱਲੋਂ ਭੇਜੇ ਪੈਗ਼ਾਮ ਅਤੇ ਸਨਮਾਨ ਮਿਲਣ ਮੌਕੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਸ. ਬਿਹਾਰਾ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਦੇਖ ਕੇ ਅਤੇ ਸਮੇਂ-ਸਮੇਂ ‘ਤੇ ਮਿਲਣ ਵਾਲੇ ਮਾਨ-ਸਨਮਾਨ ਤੋਂ ਉਹ ਬਹੁਤ ਜ਼ਿਆਦਾ ਖੁਸ਼ ਹਨ।

NO COMMENTS