ਗੁਰਦਾਸਪੁਰ (ਸਾਰਾ ਯਹਾਂ): ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਲਖੀਮਪੁਰ ਕਾਂਡ ਦੇ ਮੁੱਖ ਆਰੋਪੀ ਆਸ਼ੀਸ਼ ਮਿਸ਼ਰਾ ਦੇ ਸਰੈਂਡਰ ਨੂੰ ਉੱਤਰਪ੍ਰਦੇਸ਼ ਸਰਕਾਰ ਦਾ ਸਿਰਫ ਇਕ ਡਰਾਮਾ ਦੱਸਿਆ ਹੈ। ਬਾਜਵਾ ਬਟਾਲਾ ਦੇ ਨਜ਼ਦੀਕੀ ਪਿੰਡ ਧੁੱਪਸੜੀ ਅਤੇ ਬਟਾਲਾ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਹੋਏ ਸੀ। ਇਸ ਮੌਕੇ ਮੰਤਰੀ ਬਾਜਵਾ ਨੇ ਯੋਗੀ ਸਰਕਾਰ ਅਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲਖੀਮਪੁਰ ਕਾਂਡ ਦੇ ਮੁੱਖ ਆਰੋਪੀ ਆਸ਼ੀਸ਼ ਮਿਸ਼ਰਾ ਦਾ ਸਰੈਂਡਰ ਉੱਤਰ ਪ੍ਰਦੇਸ਼ ਸਰਕਾਰ ਦਾ ਸਿਰਫ ਇਕ ਡਰਾਮਾ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਪਹਿਲੇ ਦਿਨ ਹੀ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ। ਉਸ ਨੂੰ ਸਿਰਫ ਤਫਤੀਸ਼ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ। ਇਸ ਨਾਲ ਇਨਸਾਫ ਨਹੀਂ ਮਿਲ ਪਾਉਣਾ। ਅੱਧਾ ਘੰਟਾ ਬਿਠਾ ਕੇ ਛੱਡ ਦਿੱਤਾ ਜਾਵੇਗਾ। ਯੋਗੀ ਅਤੇ ਮੋਦੀ ਸਰਾਸਰ ਧੱਕਾ ਕਰ ਰਹੇ ਹਨ। ਸਿਰਫ ਵੋਟ ਦੀ ਰਾਜਨੀਤੀ ਖੇਡ ਰਹੇ ਹਨ, ਸਿਰਫ ਇਹੋ ਅੱਗ ਲੱਗੀ ਹੈ ਕਿ ਉਤਰ ਪ੍ਰਦੇਸ਼ ‘ਚ ਕਿਵੇਂ ਨਾ ਕਿਵੇਂ ਭਾਜਪਾ ਦੀ ਸਰਕਾਰ ਬਣਾ ਲੈਣ।
ਓਥੇ ਹੀ ਯੋਗੀ ਵਲੋਂ ਮੁੱਖ ਮੰਤਰੀ ਚੰਨੀ ‘ਤੇ ਸਾਧੇ ਨਿਸ਼ਾਨੇ ਕੇ ਚੰਨੀ ਪੰਜਾਬ ‘ਚ ਆਪਣੀ ਮਰਜ਼ੀ ਦਾ ਡੀਜੀਪੀ ਤਾਂ ਲਗਾ ਨਹੀਂ ਸਕਦੇ, ਆਪਣੇ ਪੰਜਾਬ ਨੂੰ ਤਾਂ ਸੰਭਾਲ ਨਹੀਂ ਪਾ ਰਹੇ, ਦੇ ਜਵਾਬ ‘ਚ ਮੰਤਰੀ ਬਾਜਵਾ ਨੇ ਕਿਹਾ ਕਿ ਯੋਗੀ ਜੀ ਨੂੰ ਸ਼ਾਇਦ ਸਿਸਟਮ ਦਾ ਪਤਾ ਨਹੀਂ ਕੇ ਡੀਜੀਪੀ ਲਗਾਉਣ ਵਾਸਤੇ ਇਕ ਪੈਨਲ ਦਿੱਲੀ ਭੇਜਣਾ ਪੈਂਦਾ ਹੈ। ਉਸ ਪੈਨਲ ਦੇ ਜਵਾਬ ਤੋਂ ਬਾਅਦ ਹੀ ਡੀਜੀਪੀ ਲਗਾਇਆ ਜਾਂਦਾ ਹੈ। ਜਲਦ ਹੀ ਚੰਨੀ ਆਪਣੀ ਮਰਜਜ਼ੀ ਦਾ ਡੀਜੀਪੀ ਲਗਾਉਣਗੇ।
ਉਨ੍ਹਾਂ ਕਿਹਾ ਕਿ ਯੋਗੀ ਪੰਜਾਬ ਦੀ ਚਿੰਤਾ ਛੱਡਣ ਅਤੇ ਆਪਣੇ ਉਤਰ ਪ੍ਰਦੇਸ਼ ਦੀ ਚਿੰਤਾ ਕਰਨ। ਯੋਗੀ ਆਪਣੀ ਕਾਨੂੰਨ ਵਿਵਸਥਾ ਦੇਖਣ ਜੋ ਧੱਕਾ ਹੋ ਰਿਹਾ ਉਸ ਨੂੰ ਬੰਦ ਕਰੋ। ਓਥੇ ਹੀ ਨਵਜੋਤ ਸਿੱਧੂ ਦੀ ਭੱਦੀ ਸ਼ਬਦਾਵਲੀ ਵਾਲੀ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਮੰਤਰੀ ਬਾਜਵਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਸ ਬਾਰੇ ਕੁਝ ਨਹੀਂ ਕਹਿ ਸਕਦੇ।