*ਆਸ਼ੀਰਵਾਦ ਸਕੀਮ ਪੋਰਟਲ ਨਾਲ ਸਿਸਟਮ ਵਿੱਚ ਆਵੇਗੀ ਪਾਰਦਰਸ਼ਤਾ: ਡਾ. ਬਲਜੀਤ ਕੌਰ*

0
10

ਚੰਡੀਗੜ੍ਹ, 10 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼ ) :
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਦੀ ਪ੍ਰੀਕ੍ਰਿਆ  ਹੋਰ ਸੁਖਾਲਾ ਬਣਾਉਦਿਆਂ ਆਨ ਲਾਈਨ ਪੋਰਟਲ https://ashirwad.punjab.gov.in ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਜਾਤੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੀਆਂ ਲੜਕੀਆਂ ਦੇ ਵਿਆਹ ਸਮੇਂ ਵਿੱਤੀ ਸਹਾਇਤਾਂ ਦਿੱਤੀ ਜਾਂਦੀ ਹੈ। ਜਿਸ ਲਈ ਕਾਗਜੀ ਕਾਰਵਾਈ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਨੂੰ ਸਖਾਲਾ ਬਣਾਉਣ ਦੇ ਮੰਤਵ ਲਈ ਆਨ-ਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਨਾਲ ਜਿੱਥੇ ਲੋਕਾਂ ਦਾ ਕੀਮਤੀ ਸਮਾਂ ਬਚੇਗਾ ਉਥੇ ਨਾਲ ਹੀ ਬਹੁਤ ਘੱਟ ਸਮੇਂ ਵਿੱਚ ਲਾਭਪਾਤਰੀ ਨੂੰ ਵਿੱਤੀ ਸਹਾਇਤਾ ਵੀ ਪ੍ਰਾਪਤ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਸਿਸਟਮ ਵਿੱਚ ਪਾਰਦਰਸ਼ਤਾ ਆਵੇਗੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਬਿਨੈਕਾਰ https://ashirwad.punjab.gov.in ਪੋਰਟਲ `ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਕੋਈ ਵੀ ਅਸ਼ੀਰਵਾਦ ਸਕੀਮ ਦੀ ਫਾਇਲ ਦਫਤਰ ਵਿਖੇ ਜਾਂ ਸੇਵਾ ਕੇਂਦਰ ਵਿਚ ਪ੍ਰਾਪਤ ਨਹੀਂ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਬਿਨੈਕਾਰ ਵੱਲੋਂ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਆਸ਼ੀਰਵਾਦ ਸਕੀਮ ਪੋਰਟਲ ਤੇ ਅਪਲਾਈ ਕੀਤਾ ਜਾਵੇ। ਜੇਕਰ ਕੋਈ ਬਿਨੈਕਾਰ ਇਸ ਸਮੇ ਦੌਰਾਨ ਅਪਲਾਈ ਨਹੀ ਕਰ ਸਕਿਆ ਤਾ ਉਹ ਵਿਆਹ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ-ਅੰਦਰ ਅਪਲਾਈ ਕਰ ਸਕਦਾ ਹੈ।ਉਸ ਉਪਰੰਤ ਪੋਰਟਲ ਤੇ ਅਪਲਾਈ ਕੀਤਾ ਬਿਨੈਪੱਤਰ ਸਵੀਕਾਰ ਯੋਗ ਨਹੀ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨੈਕਾਰ ਨਿਰਧਾਰਤ ਸਮੇਂ ਅੰਦਰ ਹੀ ਅਪਲਾਈ ਕਰੇ ਤਾਂ ਜੋਂ ਸਮੇਂ ਸਿਰ ਲਾਭ ਪ੍ਰਾਪਤ ਕਰ ਸਕੇ।

ਕੈਬਨਿਟ ਮੰਤਰੀ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੋਰਟਲ ਤੇ ਅਪਲਾਈ ਕਰਨ ਲਈ ਕਿਸੇ ਪ੍ਰਾਈਵੇਟ ਸਾਈਬਰ ਕੈਫੇ ਤੇ ਪੈਸੇ ਦੇ ਕੇ  ਅਪਲਾਈ ਕਰਨ ਦੀ ਬਜਾਏ ਸਬੰਧਤ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ ਦੇ ਦਫ਼ਤਰ ਵਿਖੇ ਜਾਣ, ਜਿੱਥੇ ਉਹਨਾਂ ਨੂੰ ਇਹ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।

——–

NO COMMENTS