ਆਲਮਪੁਰ ਮੰਦਰਾਂ ਦੇ ਅਧਿਆਪਕ ਦਾ ਸੰਡੇ ਵੀ ਮੰਡੇ ਹੁੰਦੈ…!! ਕੋਈ ਛੁੱਟੀ ਨਹੀਂ ਹੁੰਦੀ

0
29
ਮਾਨਸਾ 26 ਅਪ੍ਰੈਲ( (ਸਾਰਾ ਯਹਾ/ਹੀਰਾ ਸਿੰਘ ਮਿੱਤਲ): ਉਂਝ ਤਾਂ ਸਕੂਲਾਂ ਚ ਛੁੱਟੀਆਂ ਨੇ,ਪਰ ਆਲਮਪੁਰ ਮੰਦਰਾਂ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਸਮਾਜਿਕ ਸਿੱਖਿਆ ਅਧਿਆਪਕ ਲਾਲ ਸਿੰਘ ਲਈ ਐਤਵਾਰ ਦੀ ਵੀ ਕੋਈ ਛੁੱਟੀ ਨਹੀਂ ਹੁੰਦੀ,ਸਗੋਂ ਉਸ ਦਾ ਪੈਂਡਾ ਹੋਰ ਵਧ ਜਾਂਦਾ ਹੈ,ਅੱਜ ਵੀ ਸਾਰਾ ਦਿਨ ਉਸ ਨੇ ਵੱਖ ਵੱਖ ਪਿੰਡਾਂ ਚ ਆਪਣੇ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ, ਨਾਲ ਕਾਪੀਆਂ ਵੰਡੀਆਂ,ਮੰਡੀਆਂ ਚ ਮਾਸਕ ਵੰਡੇ, ਪਿਛਲੇ ਦਿਨਾਂ ਤੋਂ ਉਸ ਨੇ ਇਨ੍ਹਾਂ ਸਾਰਿਆਂ ਕੰਮਾਂ ਦੇ ਨਾਲ ਨਾਲ ਘਰਾਂ ਚ ਕਣਕ ਵੀ ਵੰਡਕੇ ਆਉੰਦਾ ਰਿਹਾ ਹੈ ਅਤੇ ਅੱਧੀ ਦਰਜ਼ਨ ਦੇ ਕਰੀਬ ਪਿੰਡਾਂ ਚ ਜਾਕੇ ਉਸ ਨੇ  ਵੱਡੀ ਗਿਣਤੀ ਚ ਦਾਖਲੇ ਵੀ ਕੀਤੇ ਹਨ।ਉਹ  ਹੋਰ ਜਿਮੇਵਾਰੀਆਂ ਦੇ ਨਾਲ ਨਾਲ ਦਿਲੋਂ ਬੀ ਐਲ ਓ ਦੀ  ਡਿਊਟੀ ਵੀ ਨਿਭਾ ਰਿਹਾ ਹੈ,ਉਹ ਡਿਊਟੀ ਕਰਦਾ ਨੀ ਸਗੋਂ ਨਿਭਾਉਂਦਾ ਹੈ,ਇਸੇ ਕਰਕੇ ਤਾਂ ਜਦੋਂ ਇਸ ਵਾਰ ਕਣਕ ਪਿੰਡ ਦੇ ਸਾਰੇ ਲੋੜਵੰਦ ਪਰਿਵਾਰਾਂ ਨੂੰ ਨਾ ਆਈ ਤਾਂ ਪਿੰਡ ਦੇ ਸਰਪੰਚ ਅਜੈਬ ਸਿੰਘ ਦੇ ਉਪਰਾਲੇ ਬਾਅਦ ਉਸ ਨੇ ਘਰ ਘਰ ਕਣਕ ਵੰਡਣ ਲੱਗਿਆਂ ਮੱਥੇ ਤੇ ਤਿਉੜੀ ਨਹੀਂ ਪਾਈ,ਸਗੋਂ ਚਿਹਰੇ ਤੇ ਤਸੱਲੀ ਦੇ ਭਾਵ ਸਨ ਕਿ ਹਰ ਪਰਿਵਾਰ ਨੂੰ  ਅਨਾਜ ਪੱਖੋਂ ਕੋਈ ਥੁੜ ਨਾ ਆਈ। ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਮਾਪਿਆਂ  ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਉਹ ਬਾਰਵੀਂ ਜਮਾਤ ਕਰਨ ਤੋਂ ਬਾਅਦ 6 ਸਾਲ ਸਕੂਲ ਤੋਂ ਦੂਰ ਰਿਹਾ, ਤੇ ਘਰ ਦੀਆਂ ਤੰਗੀਆਂ ਤੁਰਸ਼ੀਆਂ, ਉਪਰੋ 7 ਭੈਣ ਭਰਾਵਾਂ ਦਾ ਵੱਡਾ ਪਰਿਵਾਰ, ਬਾਅਦ ਚ ਪਿਤਾ ਨੂੰ ਅੰਧਰੰਗ ਦਾ ਦੌਰਾ ਅਤੇ ਹੋਰ ਅਨੇਕਾਂ ਦਿੱਕਤਾਂ , ਕੋਈ ਨਿਵੇਕਲੀ ਉਦਹਾਰਣ ਹੀ ਹੋਵੇਗੀ, ਜਦੋ  ਇਸ ਲੰਬੇ ਅਰਸੇ ਬਾਅਦ ਵੀ  ਕੋਈ ਵਿਅਕਤੀ ਹਾਰੀ ਹੋਈ ਜ਼ਿੰਦਗੀ ਦੀ ਬਾਜੀ ਜਿੱਤਦਾ ਹੈ,ਉਹ ਬਾਰਵੀਂ ਤੱਕ ਬੋਹਾ ਦੇ ਸਰਕਾਰੀ ਸੈਕੰਡਰੀ ਸਕੂਲ ਚ ਪੜ੍ਹਦਿਆਂ ਚੋਟੀ ਦਾ ਹਾਕੀ ਖਿਡਾਰੀ ਰਿਹਾ, ਉਹ ਲੰਬੀਆਂ ਦੌੜਾਂ ਦਾ ਦੌੜਾਕ ਵੀ ਰਿਹਾ, ਪਰ ਘਰ ਦੀਆਂ ਔਖਾਂ ਨੇ ਉਸ ਨੂੰ ਸਾਹੋ ਸਾਹੀ ਕਰੀ ਰੱਖਿਆ, ਬਾਰਵੀਂ ਕਲਾਸ ਦੇ 6 ਸਾਲਾਂ ਬਾਅਦ ਵੀ ਉਹ ਫਿਰ ਉਠਿਆ, ਫਿਰ ਜ਼ਿੰਦਗੀ ਦੇ ਸੁਪਨਿਆਂ ਦੀ ਉਡਾਰੀ ਭਰੀ, ਬੀ,ਏ ਕੀਤੀ,ਬੀ ਐੱਡ ਕੀਤੀ,ਐਮ ਕੀਤੀ, ਤੇ ਆਖਰ ਉਸ ਦੀਆਂ ਨਾ ਅੱਕਣ,ਥੱਕਣ  ਦੀਆਂ ਔਖਾਂ ਨੇ ਉਸ ਦੀ ਮਿਹਨਤ ਨੂੰ ਬੂਰ ਪਾਇਆ, ਤੇ ਉਹ ਐਸ ਐਸ ਅਧਿਆਪਕ ਵੱਜੋ ਭਰਤੀ ਹੋ ਗਿਆ, ਉਹ ਆਪਣੀ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਾਂਗ ਵਿਦਿਆਰਥੀਆਂ ਦੇ ਰਾਹ ਚ ਆਈ ਹਰ ਰਿਕਾਵਟ ਨੂੰ ਤੋੜਨਾ ਚਾਹੁੰਦਾ ਹੈ, ਜਿਸ ਕਾਰਨ ਆਮ ਦਿਨਾਂ ਵਿੱਚ ਵੀ ਉਸ ਲਈ ਛੁੱਟੀ ਦੇ ਕੋਈ ਮਿਹਣੇ ਨੀ ਹੁੰਦੇ,ਉਹ ਸਾਰਾ ਸਮਾਂ ਸਕੂਲ ਅਤੇ ਵਿਦਿਆਰਥੀਆਂ ਦੇ ਲੇਖੇ ਲਾਉਣਾ ਚਾਹੁੰਦਾਂ ਹੈ। ਉਸ ਨੂੰ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ ਅਤੇ ਸਟਾਫ ਦੀ ਵੱਡੀ ਹੱਲਾਸ਼ੇਰੀ ਤੇ ਪਿੰਡ ਦੇ ਸਰਪੰਚ,ਪੰਚਾਇਤ, ਕਲੱਬ ਹਰ ਇੱਕ ਦਾ ਪੂਰਨ ਸਹਿਯੋਗ ਹੈ,ਜਿਸ ਕਾਰਨ ਉਹ ਸਾਰਾ ਦਿਨ ਭੱਜਿਆ ਰਹਿੰਦਾ ਹੈ।ਪ੍ਰਿੰਸੀਪਲ ਨੇ ਦੱਸਿਆ ਕਿ ਇਕ ਵਾਰ ਵਿਆਹ ਲਈ ਲਈ ਛੁੱਟੀ ਲੈਣ ਦੇ ਬਾਵਜੂਦ  ਸਜਿਆ ਧਜਿਆ ਭੱਜਿਆ ਭਜਾਇਆ ਆਇਆ ਅਤੇ ਕਹਿੰਦਾ ਸਰ ਮੈਂ ਦੋ ਪੀਰਡ ਤਾਂ ਲਾਕੇ ਜਾਣੇ ਨੇ।ਨੋਜਵਾਨ ਅਧਿਆਪਕ ਲਾਲ ਸਿੰਘ ਦਾ ਇੱਕ ਹੀ ਮਿਸ਼ਨ ਹੈ ਕਿ ਕਿਸੇ ਔਖ ਕਾਰਨ ਕੋਈ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਨਾ ਰਹਿ ਜਾਵੇ ਜਿਸ ਕਰਕੇ ਉਸ ਦੀ ਜ਼ਿੰਦਗੀ ਚ ਐਤਵਾਰ ਜਾਂ ਕਿਸੇ ਹੋਰ ਛੁੱਟੀ ਦੀ ਕੋਈ ਅਹਿਮੀਅਤ ਨਹੀਂ।ਉਧਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਇਸ ਕਾਰਗੁਜ਼ਾਰੀ ਤੋਂ ਖੁਸ਼ ਹੋਕੇ  ਕਿਹਾ ਕਿ  ਸਿੱਖਿਆ ਵਿਭਾਗ ਨੂੰ ਮਾਣ ਹੈ ਕਿ ਅਜਿਹੇ ਅਧਿਆਪਕ ਵਿਦਿਆਰਥੀਆਂ ਦੀ ਅਗਵਾਈ ਕਰ ਰਹੇ ਹਨ।Attachments areaReplyReply to allForward

NO COMMENTS