ਮਾਨਸਾ, 02 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪਿੰਡ ਠੂਠਿਆਂ ਵਾਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਕੁਮਾਰ, ਕਾਜਲ ਅਤੇ ਹਰੀਸ਼ ਦੇ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦੇ 10 ਸਾਲਾਂ ਦਾ ਬੇਟਾ ਸ਼ਾਮਲ ਹੈ। ਜਾਣਕਾਰੀ ਮੁਤਾਬਿਕ ਇਹ ਖੁਦਕੁਸ਼ੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਕੁਮਾਰ, ਕਾਜਲ ਅਤੇ ਹਰੀਸ਼ ਦੇ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਅਤੇ ਪੁਲਿਸ ਨੇ ਮਿਲਕੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ, ਤਾਂ ਕਾਫ਼ੀ ਦੇਰ ਭਾਲ ਕਰਨ ਤੋਂ ਬਾਅਦ ਸੁਰੇਸ਼ ਕੁਮਾਰ ਦੀ ਪਤਨੀ ਕਾਜਲ ਅਤੇ ਬੱਚੇ ਦੀ ਲਾਸ਼ ਨਹਿਰ ਵਿੱਚੋਂ ਕੱਢ ਲਈ ਗਈ, ਪਰ ਸੁਰੇਸ਼ ਕੁਮਾਰ ਦੀ ਭਾਲ ਅਜੇ ਵੀ ਜਾਰੀ ਹੈ। ਪੁਲਿਸ ਨੇ ਦੋਹਾਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੀ ਮਾਰਚਰੀ ’ਚ ਰਖਵਾ ਦਿੱਤਾ ਹੈ। ਉੱਧਰ ਮਰਨ ਤੋਂ ਪਹਿਲਾਂ ਲਿਖੇ ਸੁਸਾਇਡ ਨੋਟ ਵਿੱਚ ਸੁਰੇਸ਼ ਕੁਮਾਰ ਨੇ ਮਕਾਨ ਮਾਲਕ ਅਤੇ ਇੱਕ ਹੋ ਵਿਅਕਤੀ ਨੂੰ ਆਪਣੇ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ। ਮਰਨ ਵਾਲ਼ੇ ਦੇ ਰਿਸ਼ਤੇਦਾਰ ਦੀਪਕ ਕੁਮਾਰ ਅਤੇ ਪਿੰਡ ਵਾਸੀ ਸਤਨਾਮ ਸਿੰਘ ਨੇ ਪੀੜਤ ਪਰਿਵਾਰ ਦੇ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਸਾਈਡ ਨੋਟ ਮੁਤਾਬਿਕ ਪੁਲਿਸ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਸੁਰੇਸ਼ ਨੇ ਕਿਸੇ ਤੋਂ 10 ਹਜ਼ਾਰ ਰੁਪਏ ਉਧਾਰ ਲਏ ਸਨ, ਜਿਸ ਨੇ ਖਾਲੀ ਲਈ ਚੈੱਕ ‘ਤੇ ਸਾਢੇ ਚਾਰ ਲੱਖ ਰੁਪਏ ਭਰਕੇ ਸੁਰੇਸ਼ ਦੇ ਖ਼ਿਲਾਫ਼ ਕੇਸ ਕਰ ਦਿੱਤਾ ਸੀ, ਜਿਸ ਕਾਰਨ ਸੁਰੇਸ਼ ਕੁਮਾਰ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਮਕਾਨ ਮਾਲਕ ਵੱਲੋਂ ਵੀ ਕਿਰਾਏ ਲਈ ਮ੍ਰਿਤਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸੁਸਾਈਡ ਨੋਟ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।