ਮਾਨਸਾ 19 ਮਾਰਚ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਆਰਟੀਫਿਸ਼ਲ ਏਟੰਲੀਜੈਂਸ ਦੀਆਂ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨਾ ਪਵੇਗਾ,ਜਿਸ ਲਈ ਸਰਕਾਰ ਅਤੇ ਸਿੱਖਿਆ ਸੰਸਥਾਵਾਂ ਨੂੰ ਗੰਭੀਰ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵੀ ਸਿੱਖਿਆ ਨੀਤੀਆਂ ‘ਚ ਵੱਡੇ ਬਦਲਾਅ ਦੀ ਲੋੜ ਹੈ। ਡਾ. ਉੱਭਾ ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਵਾਇਸ ਆਫ਼ ਮਾਨਸਾ ਵੱਲ੍ਹੋਂ ਜ਼ਿਲ੍ਹੇ ਦੀ 32 ਵੀਂ ਵਰ੍ਹੇਗੰਢ ਮੌਕੇ “ਵਰਤਮਾਨ ਸਿੱਖਿਆ ਅਤੇ ਨਵ-ਰੋਜ਼ਗਾਰ ਸੰਭਾਵਨਾਵਾਂ” ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਡਾ.ਧਰਮਿੰਦਰ ਸਿੰਘ ਉੱਭਾ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਕਿ ਸਾਡੇ ਵਿਦਿਆਰਥੀ ਆਪਣੇ ਅਮੀਰ ਸੰਸਕਾਰਾਂ ਨੂੰ ਭੁੱਲਦੇ ਜਾ ਰਹੇ ਹਾਂ,ਜਿਸ ਕਰਕੇ ਅਸੀਂ ਸਿੱਖਿਆ ਸੰਸਥਾਵਾਂ ‘ਚ ਨੈਤਿਕ ਸਿੱਖਿਆ ਦੇ ਸਿਲੇਬਸ ਨੂੰ ਪੜ੍ਹਾਉਣ ਦੀ ਗੱਲ ਕਰ ਰਹੇ ਹਾਂ, ਜਦੋਂ ਕਿ ਸਾਨੂੰ ਸਮੇਂ ਦੇ ਹਾਣੀ ਬਣਨ ਲਈ ਨਵੀਂ ਤਕਨੀਕ ਦੇ ਹਾਣ ਦੀ ਬਣਨ ਦੀ ਲੋੜ ਹੈ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਇੰਟਰਨੈੱਟ ਦੀ ਭਾਸ਼ਾ ਬਣਾਉਣ ਅਤੇ ਪੰਜਾਬੀ ਕਿਤਾਬਾਂ ਨੂੰ ਈ-ਕੰਟੈਂਟ ਦੇ ਰੂਪ ‘ਚ ਵਿਕਸਤ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਹਰਿਆਣਾ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਈ ਡਿਜੀਟਲ ਜਾਣਕਾਰੀ ਵਾਲੇ ਆਨਲਾਈਨ ਕੋਰਸ ਕਰਵਾਏ ਜਾ ਰਹੇ ਹਨ,ਜਿਸ ਵਿੱਚ ਟ੍ਰੇਨਿੰਗ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਨੇ ਕਿਹਾ ਕਿ ਬੇਸ਼ੱਕ ਵਰਤਮਾਨ ਸਿੱਖਿਆ ਅਤੇ ਨਵ-ਰੋਜ਼ਗਾਰ ਸਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਸਾਹਮਣੇ ਵੱਡੀਆਂ ਚੁਣੋਤੀਆਂ ਹਨ,ਪਰ ਉਨ੍ਹਾਂ ਦੀ ਸੰਸਥਾ ਵੱਲ੍ਹੋਂ ਸਿੱਖਿਆ ਦੇ ਅਹਿਮ ਖੇਤਰ ਨੂੰ ਮੁੱਖ ਮੁੱਦੇ ਵਜੋਂ ਲੈਂਦਿਆਂ ਭਵਿੱਖ ‘ਚ ਸਿੱਖਿਆ ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਪ੍ਰੋਜੈਕਟ ਚੇਅਰਮੈਨ ਡਾ.ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਵਰਤਮਾਨ ਸਧਾਰਨ ਸਿੱਖਿਆ ਸਾਡੇ ਵਿਦਿਆਰਥੀ ਦਾ ਭਵਿੱਖ ਸੁਨਹਿਰੀ ਨਹੀਂ ਬਣਾ ਸਕਦੀ,ਸਗੋਂ ਆਰਟੀਫਿਸ਼ਲ ਏਟੰਲੀਜੈਂਸ ਦੀਆਂ ਚੁਣੋਤੀਆਂ ਨੂੰ ਸਵੀਕਾਰ ਕਰਦਿਆਂ ਆਪਣੀ ਕਾਬਲੀਅਤ ਨੂੰ ਸਾਬਤ ਕਰਨਾ ਪਵੇਗਾ। ਸਮਾਗਮ ਨੂੰ ਸੰਸਥਾ ਦੇ ਜਨਰਲ ਸਕੱਤਰ ਵਿਸ਼ਵਦੀਪ ਬਰਾੜ,ਡਾ.ਸੰਦੀਪ ਘੰਡ,ਹਰਦੀਪ ਸਿੰਘ ਸਿੱਧੂ,ਰਾਜ ਜੋਸ਼ੀ, ਸ਼ੇਰਜੰਗ ਸਿੰਘ ਸਿੱਧੂ,ਮੈਡਮ ਸਰੋਜ ਰਾਣੀ, ਡਾ.ਗੁਰਪ੍ਰੀਤ ਕੌਰ, ਡਾ.ਅੰਗਰੇਜ਼ ਸਿੰਘ ਵਿਰਕ, ਕਰਨੈਲ ਵੈਰਾਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਿੱਖਿਆ ਸੁਧਾਰਾਂ ਲਈ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪੀ.ਸੀ.ਐੱਸ ਅਧਿਕਾਰੀ ਉਮ ਪ੍ਰਕਾਸ਼, ਨਾਟਕਕਾਰ ਬਲਰਾਜ ਮਾਨ,ਕੇ.ਕੇ.ਸਿੰਗਲਾ,ਸਰਜੀਵਨ ਸਿੰਘ,ਜਗਸੀਰ ਸਿੰਘ,ਬਲਜੀਤ ਸਿੰਘ ਬਾਜਵਾ,ਬਲਵਿੰਦਰ ਸਿੰਘ ਕਾਕਾ, ਹਰਜੀਵਨ ਸਰਾਂ, ਜਰਨੈਲ ਸਿੰਘ, ਬਿੱਕਰ ਸਿੰਘ ਮਘਾਣੀਆਂ, ਬਲਰਾਜ ਨੰਗਲ, ਨਰਿੰਦਰ ਸ਼ਰਮਾਂ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਸਾਰੇ ਮਹਿਮਾਨਾਂ ਨੇ ਅਜਿਹੇ ਸੈਮੀਨਾਰ ਵੱਡੀ ਗਿਣਤੀ ਵਿੱਚ ਕਰਵਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਅੱਜ ਦੇ ਸਮਾਗਮ ਲਈ ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ।