ਆਰਟੀਕਲ: —ਅੰਤਰਮਨ ਹੀ ਬਣਦਾ ਹੈ ਰਾਹ ਦਸੇਰਾ, ਸਲਾਹਕਾਰ ਨਹੀਂ

0
16

—ਅੰਤਰਮਨ ਹੀ ਬਣਦਾ ਹੈ ਰਾਹ ਦਸੇਰਾ, ਸਲਾਹਕਾਰ ਨਹੀਂ
—ਲੋਕ ਸਲਾਹਾਂ ਦਿੰਦੇ ਨੇ, ਸਾਥ ਨਹੀਂ
—ਸੁਣੋ ਸਭ ਦੀ, ਕਰੋ ਮਨ ਦੀ
ਆਪਣੇ ਅੰਦਰਝਾਤ *ਚੋਂ ਹੀ ਬਹੁਤ ਵਾਰ ਅਜਿਹੇ ਰਾਸਤੇ ਨਿੱਕਲ ਆਉਂਦੇ ਜਿੰਨ੍ਹਾਂ ਪ੍ਰਤੀ ਇਕ ਉਮਰ ਵਿਚ ਅਸੀਂ ਦੁਚਿੱਤੀ ਵਿਚ ਪਏ ਹੁੰਦੇ ਹਾਂ। ਸਕੂਲ ਪਾਸ ਹੋਣ ਉਪਰੰਤ ਜਦੋਂ ਕਾਲਜ ਪੜ੍ਹਨਾ ਹੋਵੇ ਤਾਂ ਉਸ ਸਮੇਂ ਹਰ ਕੋਈ ਦੁਚਿੱਤੀ ਵਿਚ ਹੁੰਦਾ ਕਿ ਕਿਹੜਾ ਕੋਰਸ ਕੀਤਾ ਜਾਵੇ, ਕਿਹੜੀ ਡਿਗਰੀ ਭਵਿੱਖ ਵਿਚ ਫਾਇਦੇਮੰਦ ਰਹੂ। ਇਸ ਤਰਾਂ ਸੋਚਦਿਆਂ ਕਰਦਿਆਂ ਬਹੁਤੇ ਵਿਦਿਆਰਥੀ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਸਲਾਹਕਾਰਾਂ, ਮਾਪਿਆਂ ਮੰਗਰ ਲੱਗ ਕੇ ਉਨ੍ਹਾਂ ਦੇ ਪਸੰਦ ਦਾ ਰਾਹ ਚੁਣ ਲੈਂਦੇ ਨੇ।ਕੋਈ ਟਾਵਾਂ ਹੀ ਹੁੰਦਾ ਜੋ ਆਪਣੇ ਅੰਦਰ ਝਾਤ ਮਾਰਦਾ ਕਿ ਮੈਂ ਕੀ ਕਰ ਸਕਦਾਂ? ਵਿਰਲਾ ਹੀ ਕੋਈ ਆਪਣੀ ਕਾਬਲੀਅਤ ਅਨੁਸਾਰ ਆਪਣੇ ਅਗਲੇਰੇ ਰਾਸਤੇ ਦੀ ਚੋਣ ਕਰਦਾ। ਕਈ ਵਾਰ ਤਾਂ ਅਜਿਹਾ ਹੁੰਦਾ ਕਿ ਕਿਸੇ ਨੂੰ ਪੁੱਛੋ ਕਿ ਕੀ ਕਰਦਾਂ, ਉਹ ਦੱਸਦਾ ਹੈ ਕਿ ਫਲਾਣਾ ਕੋਰਸ ਕਰਦਾਂ। ਅੱਗੇ ਪੁੱਛੋ ਕਿ ਇਹ ਕੋਰਸ ਕਰਕੇ ਕੀ ਬਣ ਜਾਏਂਗਾ। ਉਹ ਕਹਿ ਦਿੰਦਾ ਕਿ ਇਹ ਨੀ ਪਤਾ,ਇਹ ਤਾਂ ਬਾਅਦ *ਚ ਵੇਖਾਂਗੇ। ਕਈ ਲੋਕ ਆਪਣੇ ਭਵਿੱਖ ਦੀ ਚੋਣ ਵੀ ਐਨੇ ਲਾਪਰਵਾਹ ਹੋ ਕੇ ਕਰ ਲੈਂਦੇ ਨੇ। ਸਾਡੇ ਬਹੁਤੇ ਪੰਜਾਬੀ ਮੁੰਡੇ ਤਾਂ ਕਾਲਜ ਪੜ੍ਹਨ ਦੇ ਚਾਅ ਵਿਚ ਹੀ ਦਾਖਲਾ ਭਰ ਦਿੰਦੇ ਨੇ।
ਹੁਣ ਐਥੇ ਮੈਂ ਇਕ ਅਸਲ ਵਾਕਿਆ ਸੁਣਾਉਣਾ ਚਾਹਾਂਗਾ। ਮੈਂ ਜਦੋਂ ਸਕੂਲ ਤੋਂ ਪਾਸਆਊਟ ਹੋਇਆ,ਮੈਂ ਵੀ ਇਸੇ ਤਰਾਂ ਦੁਚਿੱਤੀ ਵਿਚ ਸੀ। ਮੈਨੂੰ ਬਹੁਤੇ ਲੋਕਾਂ ਨੇ, ਰਿਸ਼ਤੇਦਾਰਾਂ ਨੇ ਸਲਾਹਾਂ ਦਿੱਤੀਆਂ ਕਿ ਤੇਰੀ ਡਰਾਇੰਗ ਬਹੁਤ ਵਧੀਆ ਤੂੰ ਡਰਾਇੰਗ ਟੀਚਰ ਦਾ ਕੋਰਸ ਕਰਲਾ। ਮੈਂ ਉਸ ਸਮੇਂ ਸੋਚਿਆ ਕਿ ਮੈਂ ਪੜ੍ਹਾ ਨੀ ਸਕਦਾ ਕਿਸੇ ਨੂੰ। ਮੈਂ ਕਿਸੇ ਨੂੰ ਸਿਖਾ ਨੀ ਸਕਦਾ। ਇਹ ਮੇਰੇ ਅੰਦਰ ਕਾਬਲੀਅਤ ਹੈ ਨੀ। ਮੈਂ ਡਰਾਇੰਗ ਟੀਚਰ ਦਾ ਕੋਰਸ ਕਰਕੇ ਕੀ ਕਰੂੰ। ਫੇਰ ਉਸ ਸਮੇਂ ਬੀ.ਸੀ.ਏ. ਭਾਵ ਬੈਚੁਲਰ ਆਫ ਕੰਪਿਊਟਰ ਸਾਇੰਸ ਦੀ ਡਿਗਰੀ ਦਾ ਵੀ ਟਰੈਂਡ ਬਹੁਤ ਸੀ। ਮੈਂ ਸੋਚਿਆ ਕਿ ਆਹ ਕਰਦੇ ਹਾਂ। ਆਉਣ ਵਾਲਾ ਸਮਾਂ ਵੀ ਤਕਨੀਕੀ ਯੁੱਗ ਦਾ ਹੈ। ਕੰਪਿਊਟਰ ਮਾਹਰ ਹੋ ਕੇ ਅੱਗੇ ਰਸਤੇ ਵੀ ਬਹੁਤ ਨੇ ਤੇ ਮੈਂ ਕੰਪਿਊਟਰ ਵਰਕ ਕਰ ਵੀ ਸਕਦਾਂ, ਇਹ ਮੇਰੇ *ਚ ਕਾਬਲੀਅਤ ਹੈਗੀ ਆ। ਸੋ ਮੈਂ ਕੰਪਿਊਟਰ ਦੀ ਡਿਗਰੀ ਲਈ ਦਾਖ਼ਲਾ ਲੈ ਲਿਆ। ਡਿਗਰੀ ਕਰਦਿਆਂ ਕਰਦਿਆਂ ਵੀ ਬਹੁਤੇ ਲੋਕਾਂ ਨੇ ਦੁਚਿੱਤੀ ਵਿਚ ਪਾਉਣਾ ਚਾਹਿਆ ਕਿ ਤੂੰ ਸਹੀ ਨੀ ਕੀਤਾ, ਫਲਾਣਾ ਬੰਦਾ ਫਲਾਣੀ ਡਿਗਰੀ ਕਰ ਰਿਹਾ, ਵੇਖੀਂ ਉਹ ਲੱਗੂ ਨੌਕਰੀ। ਮੈਂ ਸੋਚਦਾ ਸੀ ਕਿ ਨੌਕਰੀ ਨਾ ਵੀ ਲੱਗੇ ਕੰਪਿਊਟਰ ਹਰ ਖੇਤਰ ਵਿਚ ਹੋ ਜਾਣਾ ਆਉਣ ਵਾਲੇ ਸਮੇਂ ਵਿਚ। ਕਿਤੇ ਵੀ ਸੈੱਟ ਹੋ ਲਵਾਂਗਾ। ਨਾ ਵੀ ਹੋਏ ਤਾਂ ਆਪਣਾ ਕੰਮ ਤਾਂ ਕਿਤੇ ਗਿਆ ਨੀ। ਮੈਂ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਆਪਣਾ ਫੈਸਲਾ ਆਪ ਕੀਤਾ।
ਸੋ ਮੇਰਾ ਇਹ ਸਭ ਦੱਸਣ ਦਾ ਮਕਸਦ ਇਹ ਸੀ ਕਿ ਸੁਣੋ ਸਭ ਦੀ, ਕਰੋ ਮਨ ਦੀ। ਤੁਸੀਂ ਕੀ ਕਰ ਸਕਦੇ ਹੋ, ਤੁਹਾਡੀ ਕਾਬਲੀਅਤ ਕੀ ਹੈ, ਇਹ ਤੁਹਾਨੂੰ ਪਤਾ, ਤੁਹਾਡੇ ਰਿਸ਼ਤੇਦਾਰਾਂ ਜਾਂ ਸਲਾਹਕਾਰਾਂ ਨੂੰ ਨਹੀਂ ਪਤਾ।ਇਸੇ ਤਰਾਂ ਕਈ ਵਾਰ ਘਰ ਦੇ ਵੀ ਕਿਸੇ ਰਿਸ਼ਤੇਦਾਰ ਦੇ ਬੱਚੇ ਦੀ ਉਦਾਹਰਣ ਦੇ ਕੇ ਕਹਿਣਗੇ ਕਿ ਉਹ ਵੇਖ ਕਿੰਨਾ ਹੁਸਿ਼ਆਰ ਆ, ਫਲਾਣਾ ਕੋਰਸ ਕਰ ਰਿਹਾ। ਤੂੰ ਗੱਲ ਨੀ ਮੰਨੀ ਸਾਡੀ, ਨਹੀਂ ਤਾਂ ਤੂੰ ਵੀ ਉਹਦੇ ਵਾਂਗ ਕਿਤੇ ਲੱਗਿਆ ਹੁੰਦਾ। ਉਸ ਸਮੇਂ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸੋਚਣ ਦੀ ਲੋੜ ਹੈ ਕਿ ਜੋ ਉਹ ਕਰ ਸਕਦਾ ਸੀ ਉਸ ਨੇ ਉਹੀ ਕੀਤਾ ਤੇ ਉਹ ਕਾਮਯਾਬ ਵੀ ਹੋ ਗਿਆ। ਜੋ ਉਸ ਨੇ ਕੀਤਾ,ਉਹ ਮੈਂ ਨਹੀਂ ਕਰ ਸਕਦਾ, ਜੋ ਮੈਂ ਕਰ ਸਕਦਾਂ, ਹੋ ਸਕਦਾ ਉਹ ਨਾ ਕਰ ਸਕਦਾ ਹੋਵੇ। ਸੋ ਮੈਂ ਜਿਸ ਖੇਤਰ ਵਿਚ ਵਧੀਆ ਭੂਮਿਕਾ ਨਿਭਾਅ ਸਕਦਾ, ਜਿਸ ਪਾਸੇ ਮੇਰੀ ਆਪਣੀ ਕਾਬਲੀਅਤ ਹੈ ਮੈਂ ਉਸ ਪਾਸੇ ਹੀ ਮਿਹਨਤ ਕਰਨੀ ਹੈ ਇਹ ਹਰ ਵਿਦਿਆਰਥੀ ਦੀ ਅੜੀ ਹੋਣੀ ਚਾਹੀਦੀ ਆ।
ਸਲਾਹ ਜ਼ਰੂਰ ਲਵੋ, ਪਹਿਲਾਂ ਆਪਣਾ ਰਾਸਤਾ ਚੁਣ ਲਵੋ। ਉਸ ਰਸਤੇ ਤੇ ਕਾਮਯਾਬ ਕਿਵੇਂ ਹੋਣਾ ਇਸ ਸਬੰਧੀ ਸਲਾਹ ਲਵੋ।ਅੱਜਕੱਲ੍ਹ ਚੰਗੀ ਤੇ ਕੰਮ ਆਉਣ ਵਾਲੀ ਸਲਾਹ ਵੀ ਕੌਣ ਦਿੰਦਾ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਇਸ ਲਈ ਆਪਣੇ ਅੰਦਰ ਝਾਕ ਲੈਣ ਨਾਲ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ। ਆਪਣੀ ਕਾਬਲੀਅਤ ਸਾਨੂੰ ਖੁਦ ਨੂੰ ਨਹੀਂ ਪਤਾ ਹੋਵੇਗੀ ਤਾਂ ਹੋਰ ਕਿਸ ਨੂੰ ਹੋਵੇਗੀ। ਕਿਸੇ ਨੂੰ ਪੁੱਛਣ ਜਾਣ ਤੋਂ ਪਹਿਲਾਂ ਇਹ ਸੋਚਣਾ ਜਰੂਰੀ ਹੈ ਕਿ ਮੈਂ ਕੀ ਕਰਨਾ ਹੈ ਤੇ ਮੈਂ ਕੀ ਕਰਨ ਦਾ ਇੱਛੁਕ ਹਾਂ। ਆਪਣੀ ਜਿ਼ੰਦਗੀ ਦੇ ਫੈਸਲੇ ਆਪ ਹੀ ਲੈਣੇ ਪੈਂਦੇ ਨੇ ਤੇ ਹਰ ਕੰਮ ਆਪ ਨੂੰ ਹੀ ਕਰਨਾ ਪੈਂਦਾ ਹੈ। ਲੋਕ ਸਲਾਹਾਂ ਦਿੰਦੇ ਹੁੰਦੇ ਨੇ ਸਾਥ ਨੀ ਦਿੰਦੇ ਹੁੰਦੇ। ਇਸ ਲਈ ਸੁਣੋ ਸਭ ਦੀ, ਕਰੋ ਮਨ ਦੀ।
ਲੇਖਕ — ਸੁਖਵਿੰਦਰ ਰਾਜ
(ਮਾਨਸਾ)

NO COMMENTS