*ਆਮ ਲੋਕ’ਪੀੜਤ ਮੁਆਵਜਾ ਸਕੀਮ’ਦਾ ਲਾਭ ਲੈਣ ਲਈ ਅੱਗੇ ਆਉਣ-ਜੱਜ ਗੁਰਜੀਤ ਕੌਰ ਢਿੱਲੋਂ*

0
59

ਮਾਨਸਾ ਸਤੰਬਰ 19  (ਸਾਰਾ ਯਹਾਂ/ਮੁੱਖ ਸੰਪਾਦਕ ):

‘ਪੀੜਤ ਮੁਆਵਜਾ ਸਕੀਮ’ ਇੱਕ ਅਜਿਹੀ ਵਿਸਤ੍ਰਿਤ ਸਕੀਮ ਹੈ ਜਿਸ ਵਿੱਚ ਹਰ ਤਰ੍ਹਾਂ ਨਾਲ ਪੀੜਤ ਵਿਅਕਤੀ ਨੂੰ ਮੁਆਵਜਾ ਦੇਣ ਲਈ ਲਾ-ਮਿਸਾਲ ਪ੍ਰਬੰਧ ਕੀਤੇ ਗਏ ਹਨ। ਇਸ ਲਈ ਆਮ ਲੋਕਾਂ ਨੂੰ ਇਸ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈ ਕੇ ਇਸ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਵਿਚਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਜੀਤ ਕੌਰ ਢਿੱਲੋਂ ਨੇ ਨੇੜਲੇ ਪਿੰਡ ਖੋਖਰ ਕਲਾਂ ਅਤੇ ਦੂਲੋਵਾਲ ਵਿੱਚ ਲਗਾਏ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ‘ਪੰਜਾਬ ਵਿਕਟਮ ਕੰਪਨਸੇਸ਼ਨ ਸਕੀਮ-2017’ ਅਤੇ ‘ਨਾਲਸਾ ਵਿਕਟਮ ਕੰਪਨਸੇਸ਼ਨ ਸਕੀਮ-2016 ਅਤੇ 2018’ ਅਧੀਨ ਬਲਾਤਕਾਰ/ਸਮੂਹਿਕ ਬਲਾਤਕਾਰ ਪੀੜਤ, ਬੱਚੇ, ਤੇਜ਼ਾਬ ਹਮਲੇ ਦੇ ਪੀੜਤ, ਦੁਰਘਟਨਾਵਾਂ ਦੇ ਸ਼ਿਕਾਰ ਪਰਿਵਾਰ ਆਦਿ ਪੀੜਤਾਂ ਲਈ ਮੁਆਵਜੇ ਦੀ ਵਿਵਸਥਾ ਕੀਤੀ ਗਈ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਪੀੜਤ ਲੋਕ ਇਸ ਸਕੀਮ ਦਾ ਲਾਭ ਨਹੀਂ ਉਠਾ ਸਕਦੇ। ਇਸ ਲਈ ਸੈਮੀਨਾਰਾਂ, ਵਰਕਸ਼ਾਪਾਂ ਅਤੇ ਕੈਂਪਾਂ ਦੇ ਜ਼ਰੀਏ ਜਾਗਰੂਕਤਾ ਫੈਲਾਉਣ ਲਈ ਉਹ ਖੁਦ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਐਡਵੋਕੇਟ ਯਤਨ ਕਰ ਰਹੇ ਹਨ। ਇਨ੍ਹਾਂ ਯਤਨਾਂ ਦੇ ਸਾਰਥਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਪੀੜਤ ਲੋਕਾਂ ਕੋਲ ਪੂਰੀ ਜਾਣਕਾਰੀ ਨਾ ਵੀ ਹੋਵੇ ਤਾਂ ਵੀ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਕੇ ਸੇਵਾ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਕੈਂਪ ਵਿੱਚ ਹਾਜਰ ਲੋਕਾਂ ਵਿੱਚੋਂ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਮਦਨ ਸਿੰਘ ਦੂਲੋਵਾਲ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਨਛੱਤਰ ਸਿੰਘ, ਰਾਵਲ ਸਿੰਘ, ਹਰਜਿੰਦਰ ਸਿੰਘ, ਤੋਂ ਇਲਾਵਾ ਨਗਰ ਨਿਵਾਸੀਆਂ ਵੱਲੋਂ ਉਠਾਏ ਗਏ ਮਸਲਿਆਂ ਨੂੰ ਮੌਕੇ ਤੇ ਸੁਣ ਕੇ ਹੱਲ ਕੀਤਾ ਗਿਆ। ਇਸ ਮੌਕੇ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਮਦਨ ਸਿੰਘ ਦੂਲੋਵਾਲ ਨੇ ਪਿੰਡ ਸੈਮੀਨਾਰ ਕਰਨ ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਜੀਤ ਕੌਰ ਢਿੱਲੋਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ। ਜਿਸਦਾ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਪੀੜਤ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਹੋ ਸਕੇ।
ਫੋਟੋ ਕੈਪਸ਼ਨ- ਪਿੰਡ ਦੂਲੋਵਾਲ ਵਿਖੇ ਕੈਂਪ ਨੂੰ ਸੰਬੋਧਨ ਕਰਦੇ ਹੋਏ ਚੀਫ ਜੁਡੀਸ਼ੀਅਲ ਮੈਜਿਟ੍ਰੇਟ ਗੁਰਜੀਤ ਕੌਰ ਢਿੱਲੋਂ।

NO COMMENTS