*ਆਮ ਆਦਮੀ ਪਾਰਟੀ ਹੁਣ ਧਨਾਢਾਂ ਦੀ ਪਾਰਟੀ ਬਣ ਗਈ…ਵੀਆਈਪੀ ਕਲਚਰ ਦਾ ਬੋਲਬਾਲਾ: ਖਹਿਰਾ*

0
19

19 ਅਪ੍ਰੈਲ(ਸਾਰਾ ਯਹਾਂ/ਬਿਊਰੋ ਨਿਊਜ਼)ਬਰਨਾਲਾ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਕਾਂਗਰਸੀ ਵਰਕਰਾਂ ਨੇ ਖਹਿਰਾ ਦਾ ਢੋਲ ਤੇ ਨਾਅਰਿਆਂ ਨਾਲ ਸਵਾਗਤ ਕੀਤਾ। ਸੁਖਪਾਲ ਖਹਿਰਾ ਨੇ ਬਰਨਾਲਾ ਆਉਂਦਿਆਂ ਹੀ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਬੋਲਿਆ।

ਕਾਂਗਰਸ ਪਾਰਟੀ ਤੋਂ ਟਿਕਟ ਮਿਲਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਪਹਿਲੀ ਵਾਰ ਬਰਨਾਲਾ ਪਹੁੰਚੇ। ਬਰਨਾਲਾ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਕਾਂਗਰਸੀ ਵਰਕਰਾਂ ਨੇ ਖਹਿਰਾ ਦਾ ਢੋਲ ਤੇ ਨਾਅਰਿਆਂ ਨਾਲ ਸਵਾਗਤ ਕੀਤਾ। ਸੁਖਪਾਲ ਖਹਿਰਾ ਨੇ ਬਰਨਾਲਾ ਆਉਂਦਿਆਂ ਹੀ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ‘ਆਪ’ ਪਾਰਟੀ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ।


ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਨਾਢਾਂ ਦੀ ਪਾਰਟੀ ਬਣ ਚੁੱਕੀ ਹੈ। ਵੀਆਈਪੀ ਕਲਚਰ ਅਪਣਾਉਣ ਦੇ ਦੋਸ਼ ਲੱਗ ਰਹੇ ਹਨ। ਪਾਰਟੀ ਵਲੰਟੀਅਰਾਂ ਦੀ ਹੁਣ ਇੱਜ਼ਤ ਨਹੀਂ ਰਹੀ। ਉਨ੍ਹਾਂ ਨੇ ਕਿਹਾ ਕਿ ਕਰੋੜਪਤੀ ਰਾਜ ਸਭਾ ਦੇ ਮੈਂਬਰ ਬਣਾਏ ਗਏ ਹਨ ਤੇ ਦਿੱਲੀ ਤੋਂ ਲਿਆਂਦੇ ਲੋਕਾਂ ਨੂੰ ਪੰਜਾਬ ਵਿੱਚ ਅਹਿਮ ਅਹੁਦਿਆਂ ’ਤੇ ਨਿਯੁਕਤ ਕੀਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਛੱਡ ਕੇ ਕਿਸੇ ਵੀ ਆਮ ਵਲੰਟੀਅਰ ਨੂੰ ਟਿਕਟ ਨਹੀਂ ਦਿੱਤੀ। ਬਾਕੀ ਪਾਰਟੀਆਂ ਦੇ ਲੋਕਾਂ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਮਾਫੀਆ ਸਿਸਟਮ ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਿਖਰਾਂ ‘ਤੇ ਹਨ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਬਣ ਕੇ ਉੱਭਰੀ ਸੀ ਪਰ ਹੁਣ ਧਨਾਢਾਂ ਦੀ ਪਾਰਟੀ ਬਣ ਚੁੱਕੀ ਹੈ। ਇਸ ਪਾਰਟੀ ਵਿੱਚ ਕਿਸੇ ਵੀ ਵਲੰਟੀਅਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਵੀਆਈਪੀ ਕਲਚਰ ਦਾ ਵਿਰੋਧ ਕਰਨ ਵਾਲੇ ਪਾਰਟੀ ਪ੍ਰਧਾਨ ਦਾ ਪਰਿਵਾਰ ਭਾਰੀ ਪੁਲਿਸ ਸੁਰੱਖਿਆ ਨਾਲ ਪੰਜਾਬ ਵਿੱਚ ਘੁੰਮ ਰਿਹਾ ਹੈ। 


ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ 8 ਰਾਜ ਸਭਾ ਮੈਂਬਰਾਂ ਵਿੱਚੋਂ ਕਿਸੇ ਵੀ ਆਮ ਵਲੰਟੀਅਰ ਨੂੰ ਰਾਜ ਸਭਾ ਵਿੱਚ ਨਹੀਂ ਭੇਜਿਆ ਗਿਆ। ਜਦੋਂਕਿ ਕਰੋੜਪਤੀ ਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ‘ਚ ਅਹਿਮ ਅਹੁਦਿਆਂ ‘ਤੇ ਦਿੱਲੀ ਦੇ ਲੋਕਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ, ਰੇਰਾ ਅਥਾਰਟੀ ਦੇ ਚੇਅਰਮੈਨ ਤੇ ਮੈਂਬਰ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਿੱਲੀ ਤੋਂ ਲਿਆਂਦੇ ਗਏ। 

ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਸਾਰੀਆਂ ਸਰਕਾਰੀ ਨੌਕਰੀਆਂ ‘ਤੇ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ, ਗੁਜਰਾਤ, ਉਤਰਾਖੰਡ ਤੇ ਰਾਜਸਥਾਨ ਵਿੱਚ ਕਾਨੂੰਨ ਹੈ ਕਿ ਬਾਹਰਲੇ ਰਾਜ ਤੋਂ ਕੋਈ ਵਿਅਕਤੀ ਨਾ ਤਾਂ ਨੌਕਰੀ ਕਰ ਸਕਦਾ ਹੈ ਤੇ ਨਾ ਹੀ ਜ਼ਮੀਨ ਖਰੀਦ ਸਕਦਾ ਹੈ। ਪੰਜਾਬ ਸਰਕਾਰ ਨੇ ਮੇਰੀ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ। 

ਸੁਖਪਾਲ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ 13 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਲਈ ਲੋਕ ਨਹੀਂ ਹਨ ਜਿਸ ਕਾਰਨ ਬਾਹਰੀ ਪਾਰਟੀਆਂ ਤੋਂ ਲੋਕਾਂ ਨੂੰ ਲਿਆ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਪੰਜ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਆਮ ਵਰਕਰਾਂ ਨੂੰ ਉਮੀਦਵਾਰੀ ਦਾ ਦਰਜਾ ਨਹੀਂ ਦਿੱਤਾ ਗਿਆ ਹੈ। 

ਉਨ੍ਹਾਂ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਸਲੀਅਤ ਨੂੰ ਪਛਾਣ ਕੇ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਦੋ ਸਾਲਾਂ ਦੇ ਰਾਜ ਦੌਰਾਨ ਕੋਈ ਚੰਗਾ ਕੰਮ ਨਹੀਂ ਹੋਇਆ। ਨਾ ਭ੍ਰਿਸ਼ਟਾਚਾਰ ਰੁਕਿਆ ਤੇ ਨਾ ਹੀ ਕੋਈ ਮਾਫੀਆ ਰੁਕਿਆ। ਪੰਜਾਬ ਸਿਰ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਮੁੱਚੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਝੂਠਾ ਕੇਸ ਦਰਜ ਕਰਨ ਦਾ ਰੌਲਾ ਪਾ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦੀ ‘ਆਪ’ ਸਰਕਾਰ ਪੁਲਿਸ ਦੀ ਦੁਰਵਰਤੋਂ ਕਰਕੇ ਝੂਠਾ ਕੇਸ ਦਰਜ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਮੇਰੇ ਖਿਲਾਫ 5 ਝੂਠੇ ਪਰਚੇ ਦਰਜ ਕੀਤੇ ਹਨ ਜੋ ਵੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ, ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀਆਂ ’ਤੇ ਐਨਐਸਏ ਲਾਉਣ ਤੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਣ ਦੇ ਮਾਮਲੇ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। 

ਖਹਿਰਾ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਦੀ ਹੱਦ ਅੰਦਰ ਦਾਖਲ ਹੋ ਕੇ ਕਿਸਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਪਰ ‘ਆਪ’ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ ਤੇ ਕਿਸਾਨਾਂ ‘ਤੇ ਤਸ਼ੱਦਦ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਸੰਗਰੂਰ ਸੰਸਦੀ ਹਲਕੇ ਸਮੇਤ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ।

NO COMMENTS