*ਆਮ ਆਦਮੀ ਪਾਰਟੀ ਨੇ ਹੁਣ ਤੱਕ ਐਲਾਨੇ 88 ਉਮੀਦਵਾਰ*

0
66

ਚੰਡੀਗੜ੍ਹ 28,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਦਿਨੇਸ਼ ਆਮ ਆਦਮੀ ਪਾਰਟੀ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ 5ਵੀਂ ਸੂਚੀ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਨੇ 5ਵੀਂ ਸੂਚੀ ਵਿੱਚ 15 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ‘ਆਪ’ ਨੇ ਪੰਜਵੀਂ ਸੂਚੀ ਤੋਂ ਬਾਅਦ ਕੁੱਲ 88 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੋਂ ਚੋਣ ਲੜ ਰਹੀ ਹੈ। ਇਹ ਵੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਨਾਲ ਕਿਸਾਨ ਜਥੇਬੰਦੀਆਂ ਦਾ ਸਮਝੌਤਾ ਹੋ ਸਕਦਾ ਹੈ। ਇਸ ਲਈ ਕੁਝ ਸੀਟਾਂ ਕਿਸਾਨ ਜਥੇਬੰਦੀਆਂ ਨੂੰ ਦਿੱਤੀਆਂ ਜਾ ਸਕਦੀਆਂ ਹਨ ਪਰ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ।

‘ਆਪ’ ਉਮੀਦਵਾਰਾਂ ਦੀ ਤਾਜ਼ਾ ਸੂਚੀ ਅਨੁਸਾਰ ਕੁਲਵੰਤ ਸਿੰਘ ਮੁਹਾਲੀ ਤੋਂ ਚੋਣ ਲੜਨਗੇ। ਕੁਲਵੰਤ ਸਿੰਘ ਰੀਅਲ ਅਸਟੇਟ ਕਾਰੋਬਾਰੀ ਤੇ ਮੁਹਾਲੀ ਦੇ ਸਾਬਕਾ ਮੇਅਰ ਹਨ। ਉਹ ਸੋਮਵਾਰ ਨੂੰ ‘ਆਪ’ ‘ਚ ਸ਼ਾਮਲ ਹੋ ਗਏ ਸਨ। ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨਗੇ। 

ਇਸ ਤੋਂ ਇਲਾਵਾ ਰਾਜਾਸਾਂਸੀ ਤੋਂ ਬਲਦੇਵ ਸਿੰਘ, ਕਪੂਰਥਲਾ ਤੋਂ ਮੰਜੂ ਰਾਣਾ, ਸ਼ਾਹਕੋਟ ਤੋਂ ਰਤਨ ਸਿੰਘ, ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ, ਆਦਮਪੁਰ ਤੋਂ ਜੀਤ ਲਾਲ ਭੱਟੀ ਅਤੇ ਬੰਗਾ ਤੋਂ ਕੁਲਜੀਤ ਸਿੰਘ ‘ਆਪ’ ਦੀ ਤਰਫੋਂ ਆਪਣੀ ਕਿਸਮਤ ਅਜ਼ਮਾਉਣਗੇ। 

ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ, ਬੱਸੀ ਪਠਾਣਾ ਤੋਂ ਰੁਪਿੰਦਰ ਸਿੰਘ, ਲੁਧਿਆਣਾ ਦੱਖਣੀ ਤੋਂ ਰਜਿੰਦਰ ਕੌਰ, ਫਿਰੋਜ਼ਪੁਰ ਸ਼ਹਿਰੀ ਤੋਂ ਰਣਵੀਰ ਸਿੰਘ, ਬਠਿੰਡਾ ਸ਼ਹਿਰੀ ਤੋਂ ਜਗਰੂਪ ਸਿੰਘ, ਅਮਰਗੜ੍ਹ ਤੋਂ ਜਸਵੰਤ ਸਿੰਘ ਤੇ ਨਾਭਾ ਤੋਂ ਗੁਰਦੇਵ ਸਿੰਘ ਸ਼ਾਮਲ ਹਨ।

ਅਜੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ
ਬੇਸ਼ੱਕ ਆਮ ਆਦਮੀ ਪਾਰਟੀ ਉਮੀਦਵਾਰ ਐਲਾਨਣ ਵਿੱਚ ਮੋਹਰੀ ਹੈ ਪਰ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ। ਇਸ ਬਾਰੇ ਪਿਛਲੇ ਦਿਨੀਂ ਏਬੀਪੀ ਨਿਊਜ਼ ਤੇ ਸੀ ਵੋਟਰ ਵੱਲੋਂ ਸਰਵੇਖਣ ਕੀਤਾ ਗਿਆ ਜਿਸ ਵਿੱਚ ਹੈਰਾਨੀਜਨਕ ਨਤੀਜਾ ਆਇਆ। 

ਪੰਜਾਬ ਵਿੱਚ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਨਾ ਦੇਣ ਨਾਲ ਫਾਇਦਾ ਹੋਵੇਗਾ ਜਾਂ ਨੁਕਸਾਨ? ਇਸ ਲਈ ਕਰੀਬ 31 ਫੀਸਦੀ ਲੋਕਾਂ ਨੇ ਕਿਹਾ ਕਿ ਫਾਇਦਾ ਹੋਵੇਗਾ। ਜਦੋਂਕਿ 46 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਮੁੱਖ ਮੰਤਰੀ ਚਿਹਰਾ ਨਾ ਦੇਣ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਦੇ ਨਾਲ ਹੀ 23 ਫੀਸਦੀ ਲੋਕਾਂ ਨੇ ਕਿਹਾ ਕਿ ਇਸ ਦਾ ਕੋਈ ਅਸਰ ਨਹੀਂ ਹੋਵੇਗਾ।

NO COMMENTS