*ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਡਾਕਟਰਾਂ ‘ਚ ਸਹਿਮ, ਧੜਾ-ਧੜ ਦੇ ਰਹੇ ਅਸਤੀਫੇ*

0
82

ਚੰਡੀਗੜ੍ਹ 05,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਡਾਕਟਰਾਂ ਵੱਲੋਂ ਲਗਾਤਾਰ ਅਸਤੀਫ਼ੇ ਦਿੱਤੇ ਜਾ ਰਹੇ ਹਨ। ਜ਼ਿਆਦਾਤਾਰ ਉਹੀ ਡਾਕਟਰ ਅਸਤੀਫੇ ਦੇ ਰਹੇ ਹਨ ਜਿਹੜੇ ਨਾਲ ਹੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਹਨ। ਇਨ੍ਹਾਂ ਡਾਕਟਰਾਂ ਨੂੰ ਡਰ ਹੈ ਕਿ ਸਰਕਾਰ ਬਦਲਣ ਮਗਰੋਂ ਹੁਣ ਉਨ੍ਹਾਂ ਲਈ ਪ੍ਰਾਈਵੇਟ ਪ੍ਰੈਕਟਿਸ ਔਖੀ ਹੋ ਜਾਵੇਗੀ। ਹੁਣ ਤੱਕ ਕਈ ਡਾਕਟਰ ਅਸਤੀਫਾ ਦੇ ਚੁੱਕੇ ਹਨ।

ਪ੍ਰਾਪਤ ਵੇਰਵਿਆਂ ਅਨੁਸਾਰ ਕੁਝ ਦਿਨ ਪਹਿਲਾਂ ਸਰਕਾਰੀ ਹਸਪਤਾਲ ਮਲੋਟ ਦੇ ਹੱਡੀਆਂ ਦੇ ਮਾਹਿਰ ਇਕਲੌਤੇ ਡਾਕਟਰ ਡਾਕਟਰ ਗੁਰਲਵ ਜੌੜਾ ਨੇ ਨੌਕਰੀ ਤੋਂ ਅਸਤੀਫਾ ਦਿੱਤਾ ਸੀ। ਸੋਮਵਾਰ ਨੂੰ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਗੌਤਮ ਕਾਮਰਾ ਨੇ ਵੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਲੱਛਮੀ ਚਾਵਲਾ ਨੂੰ ਆਪਣਾ ਅਸਤੀਫਾ ਸੌਂਪਿਆ ਹੈ, ਜਿਸ ਦੀ ਪੁਸ਼ਟੀ ਖ਼ੁਦ ਐਸਐਮਓ ਵੱਲੋਂ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਉਕਤ ਦੋਨਾਂ ਡਾਕਟਰਾਂ ਦੇ ਆਪੋ-ਆਪਣੇ ਨਿੱਜੀ ਹਸਪਤਾਲ ਹਨ।

ਇਸ ਤੋਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਾਇਨਾਤ ਗਾਇਨਾਕੋਲੋਜਿਸਟ ਡਾ. ਪ੍ਰਗਿਆ ਖਨੂਜਾ ਨੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਹਿਲਾ ਡਾਕਟਰ ਪ੍ਰਗਿਆ ਖਨੂਜਾ ਨੇ ਕਿਹਾ ਸੀ ਕਿ ਜੋ ਸਰਕਾਰੀ ਆਦੇਸ਼ ਦਿੱਤੇ ਜਾ ਰਹੇ ਹਨ, ਉਸ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਨਹੀਂ। ਉਨ੍ਹਾਂ ਆਦੇਸ਼ਾਂ ਨੂੰ ਪੂਰਾ ਕਰਨ ਵਿੱਚ ਉਸ ਵੱਲੋਂ ਕੁਤਾਹੀ ਨਾ ਹੋਵੇ, ਇਸ ਡਰ ਕਰਕੇ ਉਸ ਵੱਲੋਂ ਅਸਤੀਫਾ ਦਿੱਤਾ ਗਿਆ।

ਦੱਸ ਦਈਏ ਕਿ ਸਰਕਾਰੀ ਹਸਪਤਾਲ ਪਹਿਲਾਂ ਹੀ ਡਾਕਟਰਾਂ ਦੀ ਕਮੀ ਨਾਲ ਜੂਝ ਰਹੇ ਹਨ। ਉਤੋਂ ਮਾਹਿਰ ਡਾਕਟਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫਿਆਂ ਕਰਕੇ ਆਮ ਲੋਕਾਂ ਨੂੰ ਬਾਹਰੋਂ ਮਹਿੰਗਾ ਇਲਾਜ ਕਰਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਡਾਕਟਰਾਂ ਦੇ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਵੇ। ਡਾਕਟਰਾਂ ਦੇ ਅਸਤੀਫਿਆਂ ਦਾ ਕਾਰਨ ਆਮ ਆਦਮੀ ਪਾਰਟੀ ਵੱਲੋਂ ਡਾਕਟਰਾਂ ਦੀ ਕੱਸੀ ਗਈ ਲਗਾਮ ਵੀ ਮੰਨਿਆ ਜਾ ਰਿਹਾ ਹੈ। 

NO COMMENTS