*ਆਮ ਆਦਮੀ ਪਾਰਟੀ ਗੁੰਡਿਆਂ ਨੂੰ ਸਹਿ ਦੇਣੀ ਬੰਦ ਕਰੇ: ਭਾਕਿਯੂ (ਏਕਤਾ) ਡਕੌਂਦਾ* 

0
38

 ਬਰੇਟਾ 8 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ, ਜਿਸਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਵੱਲੋਂ ਇਲਾਕੇ ਦਾ ਇਕੱਠ ਕਰਕੇ ਬਰੇਟਾ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ । ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਗੁੰਡਾ ਗਰੋਹਾਂ ਦੀ ਮੱਦਦ ਕਰਨ, ਜ਼ਮੀਨ ਦੇ ਕਾਸ਼ਤਕਾਰ ਕਿਸਾਨਾਂ ਦੇ ਖਿਲਾਫ਼ ਝੂਠੇ ਪਰਚੇ ਦਰਜ ਕਰਨ ਅਤੇ ਉਨ੍ਹਾਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਦੇ ਵਿਰੋਧ ਵਿੱਚ ਦਿੱਤਾ ਗਿਆ । ਇਸ ਮੌਕੇ ਬੋਲਦਿਆਂ ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਬੱਚਤ ਜ਼ਮੀਨ ‘ਤੇ ਕਾਬਜ਼ ਕਾਸ਼ਤਕਾਰ ਕਿਸਾਨ ਆਪਣੀ ਜ਼ਮੀਨ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ ਪਰ ਮੌਜੂਦਾ ਸੱਤਾਧਾਰੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ 60 ਸਾਲਾਂ ਤੋਂ ਕਾਸ਼ਤ ਕਰਦੇ ਆ ਰਹੇ ਕਿਸਾਨਾਂ ਨੂੰ ਜ਼ਮੀਨ ਵਿੱਚੋਂ ਬੇਦਖਲ ਕੀਤਾ ਜਾ ਰਿਹਾ ਹੈ । ਜਿੱਥੇ ਪੰਚਾਇਤੀ ਵਿਭਾਗ ਅਤੇ ਸਰਕਾਰ ਕਿਸਾਨਾਂ ਨਾਲ ਧੱਕਾ ਕਰਕੇ ਜ਼ਮੀਨਾਂ ਖੋਹਣ ‘ਤੇ ਲੱਗੀ ਹੋਈ ਹੈ, ਉੱਥੇ ਹੀ ਪੁਲਿਸ, ਸਿਆਸੀ, ਗੁੰਡਾ ਗੱਠਜੋੜ ਵੱਲੋਂ ਕਿਸਾਨਾਂ ‘ਤੇ ਹਮਲਾ ਦਰ ਹਮਲਾ ਕੀਤਾ ਜਾ ਰਿਹਾ ਹੈ ।

              ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਰੀਬ ਚਾਰ ਮਹੀਨੇ ਪਹਿਲਾਂ ਕਿਸਾਨ ਸੀਤਾ ਸਿੰਘ ‘ਤੇ ਗੱਡੀ ਚੜ੍ਹਾ ਕੇ ਜ਼ਖਮੀ ਕੀਤਾ ਗਿਆ ਸੀ । ਜਿਸਦਾ ਇਰਾਦਾ ਕਤਲ ਧਾਰਾ 307 ਦਾ ਪਰਚਾ ਰਾਜੂ ਸਰਪੰਚ ਧਿਰ ਉੱਤੇ ਦਰਜ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਨਾ ਕਰਨ ਕਰਕੇ ਕਿਸਾਨਾਂ ਉੱਤੇ ਚੌਥੀ ਵਾਰ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਨਾਲ ਹੀ ਪੁਲਿਸ ਕੇਸ ਵੀ ਨਿਰਦੋਸ਼ ਕਿਸਾਨਾਂ ਦੇ ਉੱਤੇ ਦਰਜ ਕੀਤੇ ਗਏ । ਸਰਪੰਚ ਧਿਰ ਵੱਲੋਂ ਪਿੰਡ ਦੇ ਮਨਰੇਗਾ ਭਵਨ ਵਿੱਚ ਅੱਗ ਲਗਾਉਣ ਦੀ ਘਟਨਾ ਨੂੰ ਅੰਜ਼ਾਮ ਦੇ ਕੇ ਕਿਸਾਨਾਂ ਉੱਤੇ ਝੂਠੇ ਬਿਆਨਾਂ ਤਹਿਤ ਕੇਸ ਦਰਜ ਕਰਵਾਏ ਗਏ ਹਨ ।

             ਇਸ ਮੌਕੇ ਧਰਨਾਕਾਰੀਆਂ ਵੱਲੋਂ ਮੰਗ ਕੀਤੀ ਗਈ ਕਿ ਝੂਠੇ ਬਿਆਨ ਦਰਜ ਕਰਵਾਉਣ ਵਾਲੇ ਆਦਮੀਆਂ ਉੱਤੇ ਧਾਰਾ 182 ਤਹਿਤ ਪਰਚਾ ਦਰਜ ਕੀਤਾ ਜਾਵੇ, ਕਿਸਾਨਾਂ ਉੱਤੇ ਲਗਾਈਆਂ ਅਗਵਾ ਕਰਨ ਦੀਆਂ ਝੂਠੀਆਂ ਧਾਰਾਵਾਂ ਨੂੰ ਖਤਮ ਕੀਤਾ ਜਾਵੇ, ਕਿਸਾਨਾਂ ਦੇ ਘਰਾਂ ਉੱਤੇ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਇਰਾਦਾ ਕਤਲ ਦੇ ਦੋਸ਼ੀ ਰਾਜੂ ਸਰਪੰਚ ਅਤੇ ਉਸਦੀ ਗੁੰਡਾ ਢਾਣੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ । ਜੇਕਰ ਪੁਲਿਸ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਅਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਅਗਲਾ ਵੱਡਾ ਐਕਸ਼ਨ ਉਲੀਕਿਆ ਜਾਵੇਗਾ । 

             ਅੱਜ ਦੇ ਧਰਨੇ ਵਿੱਚ ਜਿਲਾ ਆਗੂ ਦੇਵੀ ਰਾਮ ਰੰਘੜਿਆਲ, ਜਗਦੇਵ ਸਿੰਘ ਕੋਟਲੀ ਕਲਾਂ, ਗੁਰਜੰਟ ਸਿੰਘ ਮੰਘਾਣੀਆਂ ਸਮੇਤ ਬੁਢਲਾਡਾ ਬਲਾਕ ਆਗੂ ਸੱਤਪਾਲ ਸਿੰਘ ਵਰੇ, ਤਾਰਾ ਚੰਦ ਬਰੇਟਾ, ਬਸਾਵਾ ਸਿੰਘ ਧਰਮਪੁਰਾ, ਗੁਰਮੇਲ ਸਿੰਘ ਜਲਵੇੜਾ, ਬਲਾਕ ਮਾਨਸਾ ਅਤੇ ਭੀਖੀ ਦੇ ਬਲਜੀਤ ਸਿੰਘ ਭੈਣੀ ਬਾਘਾ, ਕਾਲਾ ਸਿੰਘ ਅਕਲੀਆ, ਔਰਤ ਆਗੂ ਸੁਰਜੀਤ ਕੌਰ ਕਿਸ਼ਨਗੜ੍ਹ ਸਮੇਤ ਭਰਾਤਰੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਦੇ ਸੀਤਾ ਰਾਮ ਗੋਬਿੰਦਪੁਰਾ ਨੇ ਵੀ ਸੰਬੋਧਨ ਕੀਤਾ । ਅੰਤ ਵਿੱਚ ਪੁਲਿਸ ਪ੍ਰਸ਼ਾਸਨ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਖ਼ਿਲਾਫ਼ ਭਾਰੀ ਨਾਹਰੇਬਾਜ਼ੀ ਕਰਦੇ ਹੋਏ ਅੰਤ ਵਿੱਚ ਚੇਤਾਵਨੀ ਦੇ ਕੇ ਧਰਨੇ ਦੀ ਸਮਾਪਤੀ ਕੀਤੀ ਗਈ ।

NO COMMENTS