*ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ CM OP ਚੌਟਾਲਾ ਦੋਸ਼ੀ ਕਰਾਰ, 26 ਮਈ ਨੂੰ ਸਜ਼ਾ ‘ਤੇ ਸੁਣਵਾਈ*

0
36

20,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਸ਼ਨੀਵਾਰ ਨੂੰ ਸੁਣਵਾਈ ਦੌਰਾਨ ਓਮ ਪ੍ਰਕਾਸ਼ ਚੌਟਾਲਾ ਕੋਰਟ ਰੂਮ ‘ਚ ਮੌਜੂਦ ਸੀ। ਅਦਾਲਤ ‘ਚ 26 ਮਈ ਨੂੰ ਸਾਬਕਾ ਸੀ.ਐੱਮ ਦੀ ਸਜ਼ਾ ‘ਤੇ ਬਹਿਸ ਹੋਵੇਗੀ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਦੋ ਦਿਨ ਪਹਿਲਾਂ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਦੱਸ ਦੇਈਏ ਕਿ ਸੀਬੀਆਈ ਨੇ 26 ਮਾਰਚ 2010 ਨੂੰ ਸਾਬਕਾ ਸੀਐਮ ਓਮਪ੍ਰਕਾਸ਼ ਚੌਟਾਲਾ ਦੇ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ‘ਚ ਦੱਸਿਆ ਗਿਆ ਸੀ ਕਿ ਓਪੀ ਚੌਟਾਲਾ ਨੇ 1993 ਤੋਂ 2006 ਦਰਮਿਆਨ ਕਥਿਤ ਤੌਰ ‘ਤੇ ਆਮਦਨ ਤੋਂ ਬਹੁਤ ਜ਼ਿਆਦਾ 6.09 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ। ਇਹ ਉਸਦੀ ਆਮਦਨ ਤੋਂ ਵੱਧ ਹੈ। ਦੂਜੇ ਪਾਸੇ ਚੌਟਾਲਾ ਪਰਿਵਾਰ ਹਮੇਸ਼ਾ ਹੀ ਇਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।

ਈਡੀ ਨੇ 3.68 ਕਰੋੜ ਰੁਪਏ ਦੀ ਜਾਇਦਾਦ ਕੀਤੀ ਸੀ ਕੁਰਕ

ਸਾਲ 2019 ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਦੀ 3 ਕਰੋੜ 68 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਇਨ੍ਹਾਂ ਜਾਇਦਾਦਾਂ ਵਿੱਚ ਓਮਪ੍ਰਕਾਸ਼ ਚੌਟਾਲਾ ਦੀ ਮਲਕੀਅਤ ਵਾਲੇ ਫਲੈਟ, ਪਲਾਟ ਅਤੇ ਜ਼ਮੀਨ ਸ਼ਾਮਲ ਹੈ। ਜ਼ਬਤ ਕੀਤੀਆਂ ਜਾਇਦਾਦਾਂ ਨਵੀਂ ਦਿੱਲੀ ਅਤੇ ਹਰਿਆਣਾ ਦੇ ਪੰਚਕੂਲਾ ਅਤੇ ਸਿਰਸਾ ਜ਼ਿਲ੍ਹਿਆਂ ਵਿੱਚ ਹਨ। ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਤਹਿਤ ਦਰਜ ਐਫਆਈਆਰ ਦੇ ਸਬੰਧ ਵਿੱਚ ਕੀਤੀ ਗਈ।

ਤਿਹਾੜ ‘ਚ ਕੱਟ ਚੁੱਕੇ 10 ਸਾਲ ਦੀ ਸਜ਼ਾ

ਦੱਸ ਦਈਏ ਕਿਇਸ ਤੋਂ ਪਹਿਲਾਂ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਨੂੰ ਜਨਵਰੀ 2013 ਵਿੱਚ ਜੇਬੀਟੀ ਘੁਟਾਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਨੈਲੋ ਸੁਪਰੀਮੋ ਨੂੰ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਸੱਤ ਸਾਲ ਅਤੇ ਦੋਸ਼ੀ ਪਾਏ ਜਾਣ ‘ਤੇ ਸਾਜ਼ਿਸ਼ ਰਚਣ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਸਾਲ ਜੁਲਾਈ ਵਿੱਚ ਓਪੀ ਚੌਟਾਲਾ ਆਪਣੀ ਸਜ਼ਾ ਪੂਰੀ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਾਹਰ ਆਏ ਸੀ।

NO COMMENTS