*ਆਪ ਹਾਈਕਮਾਂਡ ਨੇ ਹੋਰ ਬੇਜ਼ਤੀ ਤੋਂ ਬੱਚਣ ਲਈ ਭਗਵੰਤ ਮਾਨ ਨੂੰ ਵਿਧਾਨ ਸਭਾ ਤੋਂ ਕਿਨਾਰਾ ਕਰਨ ਦਾ ਦਿੱਤਾ ਆਦੇਸ਼: ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ*

0
15

ਚੰਡੀਗੜ੍ਹ, 24 ਫਰਵਰੀ: (ਸਾਰਾ ਯਹਾਂ/ਬਿਊਰੋ ਨਿਊਜ਼) ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਬਰਨ ਪਾਸੇ ਕਰਨਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਉੱਤੇ ਹੁਣ ਭਗਵੰਤ ਮਾਨ ਦਾ ਕੰਟਰੋਲ ਨਹੀਂ ਰਿਹਾ ਹੈ।

ਝਿੰਜਰ ਨੇ ਕਿਹਾ ਕਿ ਕਾਫੀ ਦੇਰੀ ਅਤੇ ਝਿਜਕ ਤੋਂ ਬਾਅਦ ਆਖਰਕਾਰ ‘ਆਪ’ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਤਾਂ ਬੁਲਾਇਆ, ਪਰ ਉਹ ਵੀ ਸਿਰਫ਼ ਦੋ ਦਿਨਾਂ ਲਈ ਹੀ। ਹਾਲਾਂਕਿ, ਇਸ ਸੈਸ਼ਨ ਵਿੱਚ ਆਪ ਦੀ ਹਾਈ ਕਮਾਂਡ ਨੇ ਪੰਜਾਬ ਨੂੰ ਇਕ ਸਪੱਸ਼ਟ ਸੰਦੇਸ਼ ਭੇਜਿਆ ਹੈ – ਕਿ ਭਗਵੰਤ ਮਾਨ ਨੂੰ ਇਕ ਪਾਸੇ ਧੱਕ ਦਿੱਤਾ ਗਿਆ ਹੈ, ਅਤੇ ਅਮਨ ਅਰੋੜਾ ਨੂੰ ਸਦਨ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਰੱਕੀ ਦਿੱਤੀ ਗਈ ਹੈ। “ਅਜਿਹਾ ਲੱਗਦਾ ਹੈ ਕਿ ਅਰੋੜਾ ਨੂੰ ਕੇਜਰੀਵਾਲ ਦੇ ਨਿਰਦੇਸ਼ਾਂ ਹੇਠ ਮਾਨ ਨੂੰ ਪਾਸੇ ਕਰਕੇ ਅਗਲੇ ਮੁੱਖ ਮੰਤਰੀ ਵਜੋਂ ਵੀ ਜਲਦ ਹੀ ਨਿਯੁਕਤ ਕੀਤਾ ਜਾ ਰਿਹਾ ਹੈ,” ਝਿੰਜਰ ਕਿਹਾ।

ਭਗਵੰਤ ਮਾਨ ਦੀ ਗੈਰ-ਹਾਜ਼ਰੀ ‘ਤੇ ਚੁਟਕੀ ਲੈਂਦਿਆਂ ਝਿੰਜਰ ਨੇ ਟਿੱਪਣੀ ਕੀਤੀ, “ਹਮੇਸ਼ਾ ਟੀਆਰਪੀ ਦੇ ਭੁੱਖੇ ਮੁੱਖ ਮੰਤਰੀ ਭਗਵੰਤ ਮਾਨ, ਜੋ ਕਦੇ ਵੀ ਕੈਮਰਿਆਂ ਦੇ ਸਾਹਮਣੇ ਹੋਣ ਦਾ ਮੌਕਾ ਨਹੀਂ ਗੁਆਉਂਦੇ, ਨੂੰ ਅੱਜ ਸੈਸ਼ਨ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਗਏ ਸਨ। ਅਜਿਹਾ ਸਦਨ ਵਿੱਚ ਉਨ੍ਹਾਂ ਦੇ ਘਿਣਾਉਣੇ ਵਤੀਰੇ ਕਾਰਨ ‘ਆਪ’ ਨੂੰ ਹੋਰ ਨਮੋਸ਼ੀ ਨੂੰ ਰੋਕਣ ਲਈ ਕੀਤਾ ਗਿਆ ਸੀ।”

ਪੰਜਾਬ ਵਿੱਚ ਸੁੰਗੜ ਰਹੇ ਲੋਕਤੰਤਰੀ ਖੇਤਰ ‘ਤੇ ਚਿੰਤਾ ਜ਼ਾਹਰ ਕਰਦਿਆਂ ਝਿੰਜਰ ਨੇ ਕਿਹਾ, “ਕਰੋੜਾਂ ਰੁਪਏ ਦੇ ਖਰਚੇ ਨਾਲ ਬੁਲਾਇਆ ਜਾਂਦਾ ਇਜਲਾਸ ਦਾ ਪਹਿਲਾ ਦਿਨ ਸਿਰਫ਼ ਚਾਰ ਘੰਟੇ ਹੀ ਚੱਲਿਆ ਅਤੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਨੇ ਆਪਣਾ ਮੂੰਹ ਤੱਕ ਨਹੀਂ ਦਿਖਾਇਆ। ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੰਜਾਬ ਦਾ ਸ਼ਾਸਨ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ, ਅਤੇ ਮਾਨ ਇੱਕ ਕਠਪੁਤਲੀ ਮੁੱਖ ਮੰਤਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ।”

ਝਿੰਜਰ ਨੇ ਪ੍ਰੈਸ ਦੀ ਆਜ਼ਾਦੀ ‘ਤੇ ‘ਆਪ’ ਦੇ ਹਮਲੇ ਦੀ ਵੀ ਨਿਖੇਧੀ ਕਰਦਿਆਂ ਕਿਹਾ, “ਆਪ ਨੇ ਨਾ ਸਿਰਫ ਪੰਜਾਬ ਦੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਹੈ, ਬਲਕਿ ਇਹ ਹੁਣ ਮੀਡੀਆ ਨੂੰ ਵੀ ਚੁੱਪ ਕਰਾ ਰਹੀ ਹੈ। ਦਿੱਲੀ ਦੇ ਹੁਕਮਾਂ ‘ਤੇ ਸਪੀਕਰ ਕੁਲਤਾਰ ਸੰਧਵਾਂ ਨੇ ਆਜ਼ਾਦ ਨਿਊਜ਼ ਚੈਨਲ ਏਬੀਸੀ ਪੰਜਾਬੀ ਨੂੰ ਪ੍ਰੈੱਸ ਕਵਰੇਜ ਕਰਨ ਦੀ ਇਜ਼ਾਜ਼ਤ ਨਹੀਂ ਦਿਤੀ, ਇਹ ਸਾਬਤ ਕਰਦਾ ਹੈ ਕਿ ‘ਆਪ’ ਅਸਲ ਪੱਤਰਕਾਰੀ ਤੋਂ ਡਰਦੀ ਹੈ ਅਤੇ ਪ੍ਰੈਸ ਦੀ ਅਜ਼ਾਦੀ ‘ਤੇ ਕਾਬੂ ਪਾਉਣਾ ਚਾਹੁੰਦੀ ਹੈ।”

NO COMMENTS