ਚੰਡੀਗੜ੍ਹ, 21 ਫ਼ਰਵਰੀ 2025 (ਸਾਰਾ ਯਹਾਂ/ਬਿਊਰੋ ਨਿਊਜ਼)
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬਲਬੀਰ ਸਿੰਘ ਸਿੱਧੂ ਨੇ ਆਪ ਸਰਕਾਰ ਦੀਆਂ ਸਿਹਤ ਵਿਭਾਗ ਨੂੰ ਲੈ ਕੇ ਖੋਖਲੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਮੋਹਾਲੀ ਦੇ ਸੈਕਟਰ-79 ਵਿੱਚ ਸਥਿਤ ਸੈਂਟਰ ਆਫ਼ ਐਕਸੀਲੈਂਸ ਫਾਰ ਔਟਿਜ਼ਮ ਐਂਡ ਨਿਉਰੋਂ ਡਿਵੈਲਪਮੈਂਟ ਡਿਸਆਰਡਰ ਇਮਾਰਤ ਜੋ ਕਿ ਉਨ੍ਹਾਂ ਦੀ ਸਰਕਾਰ ਵਲੋਂ ਬਣਾਈ ਗਈ ਸੀ, ਉਹ ਇਮਾਰਤ ਹੁਣ ਆਪ ਸਰਕਾਰ ਦੇ ਹੇਠਾਂ ਖੰਡਰ ਵਿੱਚ ਬਦਲ ਰਹੀ ਹੈ।
ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ,” ਪੰਜਾਬ ਦੇ ਸਿਹਤ ਵਿਭਾਗ ਦੀ ਸਥਿਤੀ ਢਹਿ-ਢੇਰੀ ਹੁੰਦੀ ਜਾ ਰਹੀ ਹੈ, ਹਸਪਤਾਲਾਂ ਦੇ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਹੋ ਚੁੱਕਿਆ ਹੈ ਜੋ ਕਿ ਆਪ ਸਰਕਾਰ ਦੀ ਸਿਹਤ ਵਿਭਾਗ ਨੂੰ ਲੈ ਕੇ ਅਣਗਹਿਲੀ ਨੂੰ ਦਰਸਾਉਂਦਾ ਹੈ।
ਆਪ ਸਰਕਾਰ ‘ਤੇ ਤੰਜ ਕਸਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਖ਼ਾਸ ਤੌਰ ‘ਤੇ ਔਟੀਜ਼ਮ ਅਤੇ ਹੋਰ ਮਾਨਸਿਕ ਵਿਕਾਸ ਸੰਬੰਧੀ ਪ੍ਰਤਾਵਿਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਣਾਇਆ ਗਿਆ ਸੀ ਜੋ ਕਿ ਹੁਣ ਆਪ ਸਰਕਾਰ ਦੇ ਹੇਠਾਂ ਬਰਬਾਦ ਹੁੰਦਾ ਜਾ ਰਿਹਾ ਹੈ।
ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ, “ਪੰਜਾਬ ‘ਚ ਆਪ ਸਰਕਾਰ ਨੂੰ ਬਣੇ 3 ਸਾਲ ਹੋ ਚੁੱਕੇ ਨੇ ਤੇ ਇਨ੍ਹਾਂ ਨੇ ਝੂਠੇ ਇਸ਼ਤਿਹਾਰ ਛਪਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ”। ਭਗਵੰਤ ਮਾਨ ਸਰਕਾਰ ਦਾ ਸਿਹਤ ਕ੍ਰਾਂਤੀ ਮਾਡਲ ਹੁਣ ਸਾਫ਼ ਤੌਰ ਤੇ ਫ਼ੇਲ੍ਹ ਹੁੰਦਾ ਦਿਸ ਰਿਹਾ ਹੈ।
ਆਪ ਸਰਕਾਰ ਵੱਲੋਂ ਪੰਜਾਬ ਦੇ ਪੈਸਿਆਂ ਦੀ ਦੁਰਵਰਤੋਂ ਕੀਤੇ ਜਾਣ ‘ਤੇ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਸਿਹਤ ਵਿਭਾਗ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।
ਤੁਰੰਤ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਸਿੱਧੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਨਿੱਜੀ ਦਿਲਚਸਪੀ ਲੈਣ ਅਤੇ ਸਬੰਧਤ ਵਿਭਾਗਾਂ ਨੂੰ ਇਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਨਿਰਦੇਸ਼ ਦੇਣ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਤੁਰੰਤ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਜ਼ਰੂਰੀ ਹੈ।
ਉਨ੍ਹਾਂ ਨੇ ਸਿੱਟਾ ਕੱਢਿਆ, “ਹਸਪਤਾਲ ਦੀਆਂ ਇਮਾਰਤਾਂ ਵਿੱਚ ਚੋਰੀ ਅਤੇ ਉਸ ਪ੍ਰਤੀ ਲਾਪਰਵਾਹੀ ਨੂੰ ਲੈ ਕੇ ਜ਼ਿੰਮੇਵਾਰ ਵਿਅਕਤੀ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਨਤਾ ਦੇ ਪੈਸਿਆਂ ਦੀ ਸਹੀ ਵਰਤੋਂ ਲਈ ਇੱਕ ਸਕਾਰਾਤਮਕ ਸੁਨੇਹਾ ਜਾਵੇ।”