‘ਆਪ’ ਸਰਕਾਰ ਦੀ ਕੈਬਨਿਟ ‘ਚ ਅਮਨ ਅਰੋੜ ਸਣੇ ਇਨ੍ਹਾਂ ਵੱਡੇ ਚਿਹਰਿਆਂ ਨੂੰ ਨਹੀਂ ਮਿਲੀ ਥਾਂ

0
190

ਚੰਡੀਗੜ੍ਹ 19,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਪਹਿਲੀ ਕੈਬਨਿਟ ਵਿੱਚੋਂ ਵੱਡੇ ਚਿਹਰੇ ਬਾਹਰ ਕਰ ਦਿੱਤੇ ਗਏ ਹਨ। ਮੰਤਰੀ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਹੈ। ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਉਨ੍ਹਾਂ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ? 

ਸੂਤਰਾਂ ਅਨੁਸਾਰ ਇਨ੍ਹਾਂ ਤਿੰਨਾਂ ਨੂੰ ਮੰਤਰੀ ਅਹੁਦੇ ਨਾ ਮਿਲਣ ਦਾ ਕਾਰਨ ਹਾਲ ਹੀ ਵਿੱਚ ਹੋਈਆਂ ਚੋਣਾਂ ਹੋ ਸਕਦੀਆਂ ਹਨ। ‘ਆਪ’ ਵੱਲੋਂ ਟਿਕਟਾਂ ਦੀ ਵੰਡ ‘ਚ ਦੇਰੀ ਹੋਣ ‘ਤੇ ਕੁਝ ਮੌਜੂਦਾ ਵਿਧਾਇਕ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਵਿੱਚ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ ਅਤੇ ਬਲਜਿੰਦਰ ਕੌਰ ਦੇ ਨਾਂ ਵੀ ਚਰਚਾ ਵਿੱਚ ਸੀ। ਹਾਲਾਂਕਿ ਤਿੰਨਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਹ ‘ਆਪ’ ਛੱਡ ਕੇ ਕਿਸੇ ਹੋਰ ਪਾਰਟੀ ‘ਚ ਜਾ ਰਹੇ ਹਨ। ਇਸ ਦੇ ਨਾਲ ਹੀ ‘ਆਪ’ ਨੇ ਪਾਰਟੀ ਪੱਧਰ ‘ਤੇ ਵੀ ਕਦੇ ਅਜਿਹੀ ਗੱਲ ਨਹੀਂ ਕਹੀ।

2017 ਦੀਆਂ ਚੋਣਾਂ ਵਿੱਚ ‘ਆਪ’ ਦੇ 20 ਉਮੀਦਵਾਰ ਚੋਣ ਜਿੱਤੇ ਸਨ। ਇਨ੍ਹਾਂ ਵਿੱਚੋਂ 10 ਨੇ 2022 ਦੀਆਂ ਚੋਣਾਂ ਆਉਣ ਤੱਕ ਪਾਰਟੀ ਛੱਡ ਦਿੱਤੀ ਸੀ।ਕਈਆਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਰੁਪਿੰਦਰ ਰੂਬੀ, ਨਾਜਰ ਮਾਨਸ਼ਾਹੀਆ, ਪਿਰਮਲ ਸਿੰਘ, ਜਗਤਾਰ ਸਿੰਘ ਵਰਗੇ ਵਿਧਾਇਕ ਕਾਂਗਰਸ ਵਿਚ ਚਲੇ ਗਏ। ਉਸ ਸਮੇਂ ਚਰਚਾ ਸੀ ਕਿ ‘ਆਪ’ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਸਕਦੀ ਹੈ। ਇਸ ਦੇ ਪਿੱਛੇ ਸਰਵੇ ਦਾ ਹਵਾਲਾ ਦਿੱਤਾ ਜਾ ਰਿਹਾ ਸੀ। ਹਾਲਾਂਕਿ 10 ਵਿਧਾਇਕਾਂ ਦੇ ਚਲੇ ਜਾਣ ਤੋਂ ਬਾਅਦ ‘ਆਪ’ ਦੀ ਦਿੱਲੀ ਲੀਡਰਸ਼ਿਪ ‘ਤੇ ਦਬਾਅ ਵਧਣਾ ਸ਼ੁਰੂ ਹੋ ਗਿਆ ਸੀ। ਜਿਸ ਤੋਂ ਬਾਅਦ ਅਚਾਨਕ ਪਹਿਲੀ ਸੂਚੀ ਵਿੱਚ ਅਰੋੜਾ, ਮਾਣੂੰਕੇ ਅਤੇ ਬਲਜਿੰਦਰ ਕੌਰ ਸਮੇਤ 10 ਵਿਧਾਇਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ।

ਅਮਨ ਅਰੋੜਾ ਦੀ ਸਭ ਤੋਂ ਵੱਡੀ ਜਿੱਤ
ਅਮਨ ਅਰੋੜਾ ਨੇ ਪੰਜਾਬ ਚੋਣਾਂ ਵਿੱਚ 75,277 ਦੇ ਫਰਕ ਨਾਲ 117 ਸੀਟਾਂ ਜਿੱਤੀਆਂ ਸਨ। ਉਨ੍ਹਾਂ ਸੁਨਾਮ ਤੋਂ ਕਾਂਗਰਸ ਦੇ ਜਸਵਿੰਦਰ ਧੀਮਾਨ ਨੂੰ ਹਰਾਇਆ। ਉਨ੍ਹਾਂ ਬਾਰੇ ਚਰਚਾ ਸੀ ਕਿ ਉਨ੍ਹਾਂ ਨੂੰ ਮੰਤਰੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅਹਿਮ ਵਿੱਤ ਮੰਤਰਾਲਾ ਵੀ ਦਿੱਤਾ ਜਾ ਸਕਦਾ ਹੈ, ਪਰ ਉਹ ਪਹਿਲੀ ਸੂਚੀ ਵਿੱਚੋਂ ਹੀ ਗਾਇਬ ਹੋ ਗਏ।

7 ਨਵੇਂ ਮੰਤਰੀ ਬਣਾਏ ਜਾਣੇ ਬਾਕੀ ਹਨ
ਪੰਜਾਬ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਇਨ੍ਹਾਂ ਵਿੱਚ ਸੀਐਮ ਭਗਵੰਤ ਮਾਨ ਸਮੇਤ 10 ਮੰਤਰੀ ਬਣ ਗਏ ਹਨ। ਅਜੇ 7 ਹੋਰ ਮੰਤਰੀ ਬਣਾਏ ਜਾਣੇ ਬਾਕੀ ਹਨ। ਹੁਣ ਵੇਖਣਾ ਇਹ ਹੋਏਗਾ ਕਿ ਬਾਕੀ 7 ਨਵੇਂ ਮੰਤਰੀਆਂ ਵਿੱਚ ਇਹ ਨਾਮ ਸ਼ਾਮਲ ਹੁੰਦੇ ਹਨ ਜਾਂ ਨਹੀਂ।

NO COMMENTS