*’ਆਪ’ ਦੀ ਸਮੁੱਚੀ ਲੀਡਰਸ਼ਿਪ ਜਾਏਗੀ ਕਰਤਾਰਪੁਰ ਸਾਹਿਬ ਮੱਥਾ ਟੇਕਣ, ਭਗਵੰਤ ਮਾਨ ਨੇ ਦਿੱਤੀ ਜਾਣਕਾਰੀ*

0
6

ਚੰਡੀਗੜ੍ਹ 17,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਲੰਬੀ ਉਡੀਕ ਮਗਰੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਗਿਆ ਹੈ। ਅੱਜ ਕਈ ਸ਼ਰਧਾਲੂ ਮੱਥਾ ਟੇਕ ਕੇ ਪਰਤੇ ਹਨ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ 19 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਭਗਵੰਤ ਮਾਨ ਦੀ ਅਗਵਾਈ ਵਿੱਚ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਵੇਗੀ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ।

ਦੱਸ ਦਈਏ ਕਿ 18 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਮੰਤਰੀ ਸਾਥੀਆਂ ਨਾਲ ਕਰਤਾਰਪੁਰ ਜਾਣਗੇ। ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਸ਼ਰਧਾਲੂਆਂ ਵਿੱਚ ਦਰਸ਼ਨਾਂ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਰਕੇ ਵੱਡੀ ਗਿਣਤੀ ਸਿੱਖ ਸ਼ਰਧਾਲੂ ਕਰਤਾਰਪੁਰ ਜਾਣ ਦੇ ਚਾਹਵਾਨ ਹਨ।

ਯਾਦ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਅੱਜ ਕਰਤਾਰਪੁਰ ਲਾਂਘਾ ਖੁੱਲ੍ਹ ਰਿਹਾ ਹੈ। ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕੋਵਿਡ-19 ਮਹਾਮਾਰੀ ਤੋਂ ਬਾਅਦ ਮਾਰਚ 2020 ਤੋਂ ਰੁਕੀ ਧਾਰਮਿਕ ਯਾਤਰਾ ਮੁੜ ਸ਼ੁਰੂ ਹੋ ਜਾਵੇਗੀ। ਸਿੱਖ ਸੰਗਤ ਅੰਦਰ ਇਸ ਨੂੰ ਲੈ ਕੇ ਵੱਡਾ ਉਤਸ਼ਾਹ ਹੈ। ਕਰਤਾਰਪੁਰ ਲਾਂਘਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨਾਲ ਸਬੰਧਤ ਗੁਰਦੁਆਰਾ ਦਰਬਾਰ ਸਾਹਿਬ, ਪਾਕਿਸਤਾਨ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ।

ਦਰਅਸਲ 24 ਅਕਤੂਬਰ 2019 ਨੂੰ ਭਾਰਤ ਨੇ ਪਾਕਿਸਤਾਨ ਨਾਲ ਕਰਤਾਰਪੁਰ ਲਾਂਘਾ ਸਮਝੌਤੇ ’ਤੇ ਦਸਤਖਤ ਕੀਤੇ ਸਨ। ਸਮਝੌਤੇ ਤਹਿਤ ਸਾਰੇ ਧਰਮਾਂ ਦੇ ਭਾਰਤੀ ਸ਼ਰਧਾਲੂਆਂ ਨੂੰ 4.5 ਕਿਲੋਮੀਟਰ ਲੰਮੇ ਮਾਰਗ ਰਾਹੀਂ ਸਾਲ ਭਰ ਬਿਨਾਂ ਵੀਜ਼ਾ ਮੁਫ਼ਤ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ। ਨਵੰਬਰ 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗਲਿਆਰੇ ਦਾ ਉਦਘਾਟਨ ਕੀਤਾ ਸੀ।

NO COMMENTS