ਬਲਾਚੌਰ/ਮੋਹਾਲੀ 27 ਮਈ(ਸਾਰਾ ਯਹਾਂ/ਬਿਊਰੋ ਨਿਊਜ਼)ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਾਂਗਰਸ ਅਤੇ ਗਾਂਧੀ ਪਰਿਵਾਰ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਇਹ ਬੇਨਕਾਬ ਹੋ ਗਿਆ ਹੈ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਸ਼੍ਰੀ ਰਾਮ ਮੰਦਰ ਦੇ ਖਿਲਾਫ ਸਨ। ਬਲਾਚੌਰ ਵਿੱਚ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਧਾਮੀ ਨੇ ਕਿਹਾ ਕਿ ਕਾਂਗਰਸ ਨੇ ਇੱਕ ਵਿਸ਼ੇਸ਼ ਵੋਟ ਬੈਂਕ ਲਈ ਸ੍ਰੀ ਰਾਮ ਮੰਦਰ ਨੂੰ ਹਥਿਆਰ ਵਜੋਂ ਵਰਤਿਆ ਪਰ ਮੋਦੀ ਨੇ ਵਿਸ਼ਾਲ ਰਾਮ ਮੰਦਰ ਬਣਾ ਕੇ ਆਪਣਾ ਵਾਅਦਾ ਪੂਰਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਰਾਮ ਮੰਦਿਰ ਲਈ ਭਾਜਪਾ ਨੇ 30 ਸਾਲਾਂ ਤੱਕ ਲੰਮੀ ਲੜਾਈ ਲੜੀ ਤੇ ਸਾਡੀ ਪਾਰਟੀ ਦੇ ਲੀਡਰਾਂ ਨੇ ਗੋਲੀਆਂ ਖਾ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜਾ ਕੇ ਸ਼੍ਰੀ ਰਾਮ ਲਲਾ ਟੇਂਟ ਚੋ ਬਾਹਰ ਆਏ।”
‘ਆਪ’ ਪਾਰਟੀ ਨੂੰ ‘ਝੂਠਿਆਂ’ ਦੀ ਪਾਰਟੀ ਦੱਸਦਿਆਂ ਪੁਸ਼ਕਰ ਸਿੰਘ ਧਾਮੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਨੂੰ ਵੋਟ ਪਾਉਣ ਦੀ 2022 ਵਰਗੀ ਗਲਤੀ ਨਾ ਦੁਹਰਾਉਣ । ਸ਼ਰਮਾ ਨੇ ਮਾਨ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਧੋਖੇਬਾਜ਼ ਕਿਹਾ । ਉਹਨਾਂ ਕਿਹਾ ਨਾ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਭੱਤਾ ਮਿਲਿਆ ਤੇ ਨਾ ਹੀ ਸੂਬੇ ਅਪਰਾਧ ਮੁਕਤ ਹੋਇਆ ਹੈ। ਅੱਜ ਪੰਜਾਬ ਵਿਚ ਅਪਰਾਧ ਖਤਮ ਹੋਣ ਦੀ ਬਜਾਏ ਕਤਲ, ਜਬਰ-ਜ਼ਨਾਹ ਅਤੇ ਅਗਵਾ ਵਰਗੇ ਘਿਨਾਉਣੇ ਅਪਰਾਧਾਂ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ।
ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਭਾਜਪਾ ਉਮੀਦਵਾਰ ਡਾ: ਸ਼ਰਮਾ ਨੇ ਕਿਹਾ ਕਿ ਇੱਕ ਵਾਰ ਚੁਣੇ ਜਾਣ ‘ਤੇ ਇਸ ਸੰਸਦੀ ਹਲਕੇ ਵਿੱਚ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਨਾ ਸਿਰਫ਼ ਅਥਾਹ ਵਿਕਾਸ ਹੋਵੇਗਾ ਸਗੋਂ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਵੀ ਹੱਲ ਕੱਢਿਆ ਜਾਵੇਗਾ। ਉਨ੍ਹਾਂ ਰੋਪੜ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ, ਜੋ ਇੱਕ ਖੋਜ ਕੇਂਦਰ ਵਜੋਂ ਕੰਮ ਕਰੇਗੀ ਅਤੇ ਪੁਰਾਤਨ ਸੰਗੀਤ ਸਾਜ਼ਾਂ, ਕਲਾਕ੍ਰਿਤੀਆਂ ਅਤੇ ਪੰਜਾਬੀ ਸਾਹਿਤ ਨੂੰ ਮੁੜ ਸੁਰਜੀਤ ਕਰੇਗੀ।
ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਡਾ: ਸ਼ਰਮਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਲਕੇ ਦੇ ਵਿਕਾਸ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਪੂਰੇ ਪੰਜ ਸਾਲ ਹਲਕਾ ਪੂਰੀ ਤਰ੍ਹਾਂ ਅਣਗੌਲਿਆ ਰਿਹਾ ਅਤੇ ਤਿਵਾੜੀ ਨੇ ਕਦੀ ਲੋਕਾਂ ਨੂੰ ਆਪਣਾ ਮੂੰਹ ਤਕ ਨਹੀਂ ਦਿਖਾਇਆ ਕਿਉਂਕਿ ਉਸਦਾ ਇੱਕੋ ਇੱਕ ਉਦੇਸ਼ ਸੰਸਦ ਦੀ ਕੁਰਸੀ ਹਥਿਆਉਣਾ ਅਤੇ ਆਪਣੇ ਨਿੱਜੀ ਹਿੱਤਾਂ ਲਈ ਸੱਤਾ ਦਾ ਆਨੰਦ ਲੈਣਾ ਸੀ।
ਭਾਜਪਾ ਉਮੀਦਵਾਰਾਂ ਨੂੰ ਆਪਣੀ ਵੋਟ ਪਾਉਣ ਲਈ ਜ਼ੋਰਦਾਰ ਅਪੀਲ ਕਰਦੇ ਹੋਏ, ਡਾ ਸ਼ਰਮਾ ਨੇ ਕਿਹਾ ਕਿ ‘ਕੰਧ ‘ਤੇ ਸਾਫ ਲਿਖਿਆ ਹੈ ਕਿ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ, ਇਸਲਈ ਤੁਸੀ ਆਪਣੀ ਵੋਟ ਦੂਜੀ ਪਾਰਟੀ ਦੇ ਉਮੀਦਵਾਰਾਂ ਨੂੰ ਪਾ ਕੇ ਬਰਬਾਦ ਨਾ ਕਰੋ। ਉਨ੍ਹਾਂ ਨੇ ਇਕੱਠ ਨੂੰ ਇਹ ਵੀ ਦੱਸਿਆ ਕਿ ਪਿਛਲੇ 20 ਦਿਨਾਂ ਵਿੱਚ ਉਹ 150 ਦੇ ਕਰੀਬ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਪਿੰਡ ਵਾਸੀਆਂ ਵਿਚ ਮੋਦੀ ਲਈ ਬਹੁਤ ਉਤਸ਼ਾਹ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅਤੇ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਅੱਜ ਬਲਾਚੌਰ, ਮੋਹਾਲੀ, ਨਵਾਂਸ਼ਹਿਰ, ਖਰੜ ਅਤੇ ਨਯਾਗਾਓਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਵਰਕਰ ਅਤੇ ਸਥਾਨਕ ਲੋਕ ਉਨ੍ਹਾਂ ਦੇ ਨਾਲ ਸਨ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਤੋਂ ਭਾਜਪਾ ਵਰਕਰ ਕਾਫੀ ਉਤਸ਼ਾਹਿਤ ਨਜ਼ਰ ਆਏ।