ਸਰਦੂਲਗੜ੍ਹ 7 ਅਪ੍ਰੈਲ (ਸਾਰਾ ਯਹਾਂ/ਬਲਜੀਤ ਸਿੰਘ) : ਆਮ ਆਦਮੀ ਪਾਰਟੀ ਵੱਲੋਂ ਅੱਜ ਸਰਦੂਲਗੜ੍ਹ ਵਿਖੇ ਬਿਜਲੀ ਦੇ ਬਿੱਲ ਸਾੜਕੇ ਬਿਜਲੀ ਅੰਦੋਲਨ ਦੀ ਸ਼ੁਰੁਆਤ ਕੀਤੀ ਗਈ। ਇਸ ਮੌਕੇ ਆਪ ਆਗੂ ਤੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਨੇਮ ਚੰਦ ਚੌਧਰੀ, ਗੁਰਪ੍ਰੀਤ ਸਿੰਘ ਬਣਾਂਵਾਲੀ, ਸੁਖਵਿੰਦਰ ਸਿੰਘ ਭੋਲਾ ਮਾਨ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਵੱਲੋ ਬਿਜਲੀ ਦਰਾਂ ਦੇ ਰੇਟ ਪੂਰੇ ਦੇਸ਼ ਚੋ ਵੱਧ ਹਨ। ਉਨ੍ਹਾਂ ਕਿਹਾ ਕਿ ਦਿੱਲੀ ਬਿਜਲੀ ਮੁੱਲ ਲੈਕੇ ਵੀ ਪੰਜਾਬ ਨਾਲੋ ਬਹੁਤ ਘੱਟ ਰੇਟ ਤੇ ਬਿਜਲੀ ਦਿੱਲੀ ਵਾਸੀਆਂ ਨੂੰ ਦੇ ਰਹੀ ਹੈ ਜਦਕਿ ਪੰਜਾਬ ਕੁਦ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੈ ਤੇ ਸੂਬਾ ਵਾਸੀਆਂ ਨੂੰ ਸਭ ਤੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਸ ਸਾਲ ਰਾਕ ਕਰਨ ਵਾਲੀ ਅਕਾਲੀ ਸਰਕਾਰ ਨੇ ਆਪਣੇ ਨਿਜੀ ਸਵਾਰਥਾ ਨੂੰ ਪਹਿਲ ਦੇਕੇ ਜੋ ਬਿਜਲੀ ਸਮਝੋਤੇ ਕੀਤੇ ਹਨ ਉਹ ਸੂਬਾ ਵਿਰੋਧੀ ਹਨ ਤੇ ਹੁਣ ਕੈਪਟਨ ਸਰਕਾਰ ਵੀ ਅਕਾਲੀਆਂ ਦੇ ਹੀ ਰਾਹ ਤੁਰ ਰਹੀ ਹੈ। ਅਕਾਲੀ-ਕਾਂਗਰਸੀਆਂ ਨੂੰ ਸੂਬਾ ਵਾਸੀਆਂ ਦਾ ਕੋਈ ਫਿਕਰ ਨਹੀਂ ਸਗੋ ਸਿਰਫ ਆਪਣਾ ਤੇ ਆਪਣੇ ਰਿਸਤੇਦਾਰਾਂ ਨੂੰ ਹੀ ਲਾਭ ਪਹੁੰਚਾ ਰਹੇ ਹਨ। ਸੂਬਾ ਦਾ ਹਰ ਵਰਗ ਕੈਪਟਨ ਸਰਕਾਰ ਤੋਂ ਦੁੱਖੀ ਹੋ ਚੁਕਿਆਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸੂਬਾ ਵਾਸੀਆਂ ਨਾਲ ਕੀਤੇ ਸਾਰੇ ਹੀ ਵਾਅਦਿਆ ਤੋਂ ਮੁੱਕਰ ਚੁੱਕਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਚ ਆਪਣੀ ਹੋੰਦ ਨੂੰ ਬਚਾਉਣ ਲਈ ਅਕਾਲੀ-ਕਾਂਗਰਸੀ ਕਈ ਤਰਾਂ ਦੇ ਹੱਥ ਕੰਡੇ ਆਪਣਾ ਰਹੇ ਹਨ ਪਰ ਸੂਬਾ ਵਾਸੀ ਇੰਨ੍ਹਾਂ ਦੀਆਂ ਲੂੰਬੜ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਤੇ 2022 ਦੀਆਂ ਚੋਣਾਂ ਦੌਰਾਨ ਇੰਨ੍ਹਾਂ ਦੋਵਾਂ ਪਾਰਟੀਆਂ ਨੂੰ ਚਲਦਾ ਕਰਨ ਲਈ ਮਨ ਬਣਾਈ ਬੈਠੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਚ ਆਪ ਦੀ ਸਰਕਾਰ ਆਉਣ ਤੇ ਸੂਬੇ ਚ ਸਿੱਖਿਆ ਤੇ ਸਿਹਤ ਸਹੂਲਤਾਂ ਮੁੱਫਤ ਦਿੱਤੀਆਂ ਜਾਣਗੀਆ ਤੇ ਬਿਜਲੀ ਬਹੁਤ ਸਸਤੇ ਰੇਟਾਂ ਤੇ ਮੁਹੱਈਆ ਕਰਾਈ ਜਾਵੇਗੀ। ਇਸ ਇਸ ਮੌਕੇ ਹਰਦੇਵ ਸਿੰਘ ਉੱਲਕ, ਸਰਬਜੀਤ ਸਿੰਘ ਜਵਾਹਰਕੇ, ਅਭੈ ਗੋਦਾਰਾਂ, ਬਲਵਿੰਦਰ ਰਤਨਗੜੀਆ, ਸੁਖਵਿੰਦਰ ਸਿੰਘ ਖੋਖਰ, ਜਸਕਰਨ ਘਰਾਂਗਣਾ, ਚਰਨ ਦਾਸ ਸਰਦੂਲਗਡ਼੍ਹ ਆਦਿ ਹਾਜ਼ਰ ਸਨ।
ਕੈਪਸ਼ਨ: ਸਰਦੂਲਗਡ਼੍ਹ ਵਿਖੇ ਬਿਜਲੀ ਦੇ ਬਿੱਲ ਸਾੜ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਪ ਆਗੂ ਤੇ ਵਰਕਰ।