*ਆਨਲਾਈਨ ਗੁਰੂਕੁਲ : ਮਾਨਸਾ ’ਚ ‘ਮਾਨਸ ਜਨਮ’ ਦਾ ਮੰਤਵ ਸਮਝਣ ਪੁੱਜੇ ਹਜ਼ਾਰਾਂ ਸ਼ਰਧਾਲੂ*

0
185

ਮਾਨਸਾ, 3 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ )  : ਸਰਸਾ ਰੋਡ ’ਤੇ ਸਥਿਤ ‘ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ’ ਮਾਨਸਾ ’ਚ ਆਨਲਾਈਨ ਗੁਰੂਕੁਲ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਬੰਧਕਾਂ ਨੇ ਭਾਵੇਂ ਆਪਣੇ ਪੱਧਰ ’ਤੇ ਪ੍ਰਬੰਧਾਂ ’ਚ ਕੋਈ ਕਮੀ ਨਾ ਰਹਿਣ ਦੇਣ ਦਾ ਦਾਅਵਾ ਕੀਤਾ ਪਰ ਰੂਹਾਨੀਅਤ ਦੇ ਇਸ ਸਮਾਗਮ ਦੀ ਸ਼ੁਰੂਆਤ ਵਿੱਚ ਹੀ ਸੰਗਤ ਦੇ ਉਤਸ਼ਾਹ ਅੱਗੇ ਪ੍ਰਬੰਧ ਛੋਟੇ ਪੈਂਦੇ ਜਾਪੇ। ਸਾਧ-ਸੰਗਤ ਦੇ ਬੈਠਣ ਲਈ ਲਗਭਗ 4 ਏਕੜ ’ਚ ਬਣਾਇਆ ਪੰਡਾਲ ’ਚ ਛੋਟਾ ਪੈ ਗਿਆ ਤੇ ਸੜਕਾਂ ’ਤੇ 10 ਕਿਲੋਮੀਟਰ ਤੱਕ ਜਾਮ ਲੱਗ ਗਏ। ਇਸ ਰੂਹਾਨੀ ਸਮਾਗਮ ’ਚ ਮਾਨਸ ਜਨਮ ਦੇ ਅਸਲ ਮਕਸਦ ਬਾਰੇ ਜਾਣੂੰ ਹੋਣ ਲਈ ਹਜ਼ਾਰਾਂ ਦੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਆਨਲਾਈਨ ਗੁਰੂਕੁਲ ਅਤੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਡੇਰੇ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਸਾਧ-ਸੰਗਤ ਦੇ ਭਾਰੀ ਇਕੱਠ ਦੌਰਾਨ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਵੱਡੀ ਗਿਣਤੀ ਸੇਵਾਦਾਰਾਂ ਵੱਲੋਂ ਆਪਣੀ ਡਿਊਟੀ ਨਿਭਾਈ ਗਈ। ਇਸ ਦੌਰਾਨ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲਾ ਬਾਗਪਤ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਵੱਡੀ ਗਿਣਤੀ ’ਚ ਨਸ਼ਾ ਤੇ ਹੋਰ ਬੁਰਾਈਆਂ ਛੱਡਣ ਆਏ ਲੋਕਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਕੌਂਸਲਰ, ਬੁਢਲਾਡਾ ਦੇ ਸੁਖ ਦੁਆ ਸਮਾਜ ਤੇ ਬਾਸਕਿਟਬਾਲ ਦੇ ਖਿਡਾਰੀਆਂ ਤੇ ਹੋਰ ਸਾਧ-ਸੰਗਤ ਨੂੰ ਜੀ ਆਇਆਂ ਨੂੰ

ਕਹਿੰਦਿਆਂ ਫਰਮਾਇਆ ਕਿ ਅੱਜ ਜੋ ਵੀ ਉਸ ਵਾਹਿਗੁਰੂ ਦੇ ਨਾਂਅ ਨਾਲ ਜੁੜੇ ਹਨ, ਜਿਵੇਂ ਜਿਵੇਂ ਤੁਸੀਂ ਉਸ ਮਾਲਕ ਦੀ ਯਾਦ ’ਚ ਸਮਾਂ ਲਗਾਉਂਗੇ ਜਾਉਂਗੇ ਉਸ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਂਗੇ। ਇਸ ਮੌਕੇ ਇੱਕ ਪਿੰਡ ਦੀ ਪੰਚਾਇਤ ਵੱਲੋਂ ਪਿੰਡਾਂ ’ਚ ਵਧ ਰਹੇ ਨਸ਼ਿਆਂ ਦੇ ਕਹਿਰ ਨੂੰ ਰੋਕਣ ਲਈ ਜਦੋਂ ਡੇਰਾ ਸੱਚਾ ਸੌਦਾ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਨਸ਼ਿਆਂ ਰੂਪੀ ਦੈਂਤ ਨੂੰ ਰੋਕਣ ਲਈ ਪਿੰਡਾਂ ਦੀਆਂ ਪੰਚਾਇਤਾਂ ਜਿਸ ਵੀ ਤਰਾਂ ਦੇ ਸਹਿਯੋਗ ਲਈ ਕਹਿਣਗੀਆਂ, ਸਾਰੀ ਸਾਧ-ਸੰਗਤ ਉਹਨਾਂ ਦੇ ਨਾਲ ਚੱਲੇਗੀ। ਆਪ ਜੀ ਨੇ ਫਰਮਾਇਆ ਕਿ ‘‘ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਤੁਸੀਂ ਚਾਹੇ ਕੈਂਪ ਲਗਾਓ ਜਾਂ ਨਸ਼ਿਆਂ ’ਚ ਫਸੇ ਨੌਜਵਾਨਾਂ ਦਾ ਇਲਾਜ ਕਰਵਾਓ, ਅਸੀਂ ਤੁਹਾਡੇ ਨਾਲ ਹਾਂ’’। ਆਪ ਜੀ ਨੇ ਫਰਮਾਇਆ ਕਿ ਉਹ ਤੁਹਾਡੀ ਹੀ ਔਲਾਦ ਨਹੀਂ , ਸਾਡੀ ਵੀ ਔਲਾਦ ਹੈ ਕਿਉਂਕਿ ਜੋ ਵਾਹਿਗੁਰੂ ਦੀ ਔਲਾਦ ਹੈ ਉਹ ਸੰਤ ਫਕੀਰ ਦੀ ਔਲਾਦ ਪਹਿਲਾਂ ਹੋ ਜਾਂਦੀ ਹੈ, ਤੇ ਸਾਡੇ ਅੰਦਰ ਇਹ ਦਰਦ ਹੈ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਖੇਡਾਂ ’ਚ ਸਭ ਤੋਂ ਨੰਬਰ ਵੰਨ ਹੁੰਦੀ ਸੀ, ਸਿੱਖ ਰੈਜੀਮੈਂਟ ਵਿੱਚ ਫੌਜੀ ਪੰਜਾਬ ਤੋਂ ਸਭ ਤੋਂ ਜ਼ਿਆਦਾ ਹੁੰਦੇ ਸਨ ਪਰ ਅੱਜ ਗੰਦੇ ਨਸ਼ੇ ਚਿੱਟੇ ਕਾਰਨ ਜਵਾਨੀ ਬਰਬਾਦ ਹੋ ਰਹੀ ਹੈ। ਆਪ ਜੀ ਨੇ ਫਰਮਾਇਆ ਕਿ ਅੱਜ ਸਮਾਜ ’ਚ ਜੋ ਇਹ ਨਸ਼ੇ ਰੂਪੀ ਦੈਂਤ ਖੜਾ ਹੈ , ਜੇਕਰ ਸਾਰੇ ਮਿਲ ਕੇ ਹੰਭਲਾ ਮਾਰੀਏ, ਹਿੰਮਤ ਕਰੀਏ ਤਾਂ ਉਹ ਮਾਲਕ ਵੀ ਰਹਿਮਤ ਕਰੇਗਾ ਤੇ ਇਹ ਦੈਂਤ ਜ਼ਰੂਰ ਖ਼ਤਮ ਹੋਵੇਗਾ ਤੇ ਸਾਡੀ ਜਵਾਨੀ ਤੇ ਬੱਚੇ ਜ਼ਰੂਰ ਬਚਣਗੇ।
ਇਸ ਮੌਕੇ ਚੁੱਲੇ ’ਤੇ ਰੋਟੀਆਂ ਬਣਾ ਰਹੀਆਂ, ਨਾਲੇ ਬਣਾ ਰਹੀਆਂ, ਦਾਣੇ ਭੁੰਨ ਰਹੀਆਂ, ਦੁੱਧ ਰਿੜਕ ਰਹੀਆਂ ਤੇ ਹੋਰ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਉਜਾਗਰ ਕਰਦੀਆਂ ਝਾਕੀਆਂ ਦੀ ਪੂਜਨੀਕ ਗੁਰੂ ਜੀ ਨੇ ਕਾਫੀ ਸਲਾਹੁਤਾ ਕੀਤੀ। ਆਨਲਾਈਨ ਗੁਰੂਕੁਲ ਦੀ ਸਮਾਪਤੀ ’ਤੇ ਸਾਧ ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਲੰਗਰ-ਭੋਜਨ ਛਕਾਇਆ ਗਿਆ।

NO COMMENTS