ਆਜ਼ਾਦੀ ਮਗਰੋਂ ਭਾਰਤੀ ਆਰਥਿਕਤਾ ‘ਚ ਸਭ ਤੋਂ ਵੱਡੀ ਗਿਰਾਵਟ ਦੇ ਸੰਕੇਤ, ਮੌਜੂਦਾ ਵਿੱਤੀ ਸਾਲ ਵਿਚ ਜੀਡੀਪੀ 7.7% ਘੱਟੇਗੀ

0
16

ਨਵੀਂ ਦਿੱਲੀ 08,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦੇਸ਼ ਦੀ ਆਰਥਿਕਤਾ (Indian Economy) ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਵੱਡੇ ਗਿਰਾਵਟ ਵੱਲ ਜਾ ਰਹੀ ਹੈ। ਸਰਕਾਰੀ ਅਨੁਮਾਨਾਂ ਮੁਤਾਬਕ ਮੌਜੂਦਾ ਵਿੱਤੀ ਵਰ੍ਹੇ (2020-21) ਵਿੱਚ ਜੀਡੀਪੀ (GDP) ‘ਚ 7.7% ਦੇ ਵੱਡੇ ਪੱਧਰ ਦੀ ਗਿਰਾਵਟ ਰਿਕਾਰਡ ਕੀਤਾ ਜਾ ਸਕਦੀ ਹੈ। ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ ਦੀ ਆਪਣੀ ਪਹਿਲੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਖੇਤੀਬਾੜੀ ਨੂੰ ਛੱਡ ਕੇ ਅਰਥਚਾਰੇ ਦੇ ਹਰ ਖੇਤਰ ਵਿੱਚ ਗਿਰਾਵਟ ਦਰਜ ਹੋਵੇਗੀ।

ਗਿਰਾਵਟ ਆਰਬੀਆਈ ਦੇ ਅਨੁਮਾਨ ਦੇ ਲਗਪਗ ਬਰਾਬਰ

ਐਨਐਸਓ ਵਲੋਂ ਜਾਰੀ ਕੀਤੀ ਭਵਿੱਖਬਾਣੀ ਰਿਜ਼ਰਵ ਬੈਂਕ ਦੀ ਅਰਥ ਵਿਵਸਥਾ ਵਿਚ ਗਿਰਾਵਟ ਦੀ ਭਵਿੱਖਬਾਣੀ ਦੇ ਬਰਾਬਰ ਹੈ। ਆਰਬੀਆਈ ਨੇ ਮੌਜੂਦਾ ਵਿੱਤੀ ਸਾਲ ਦੌਰਾਨ ਆਰਥਿਕਤਾ ਵਿੱਚ 7.5 ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ। ਹਾਲਾਂਕਿ, ਇਹ ਪਹਿਲਾਂ ਦੇ ਅਨੁਮਾਨਾਂ ਨਾਲੋਂ ਵਧੀਆ ਸਥਿਤੀ ਹੈ ਕਿਉਂਕਿ ਇਸ ਨੇ ਪਹਿਲਾਂ ਜੀਡੀਪੀ ਵਿਚ 9.5% ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ।

ਕੋਰੋਨਾ ਲੌਕਡਾਉਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਗਿਰਾਵਟ ਦਾ ਦੌਰ

ਕੋਰੋਨਾਵਾਇਰਸ ਨੂੰ ਰੋਕਣ ਲਈ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਲੌਕਡਾਉਨ ਕਾਰਨ ਜੀਡੀਪੀ ਵਿਚ 23.9 ਪ੍ਰਤੀਸ਼ਤ ਦੀ ਗਿਰਾਵਟ ਆਈ। ਦੂਜੀ ਤਿਮਾਹੀ ਵਿਚ 7.5% ਦੀ ਗਿਰਾਵਟ ਆਈ ਅਤੇ ਪਹਿਲੀ ਵਾਰ ਭਾਰਤੀ ਆਰਥਿਕਤਾ ਮੰਦੀ ਵਿਚ ਫਸੀ। ਜੀਡੀਪੀ ਵਿੱਚ ਲਗਾਤਾਰ ਦੋ ਤਿਮਾਹੀਆਂ ਵਿੱਚ ਗਿਰਾਵਟ ਕਰਕੇ ਆਰਥਿਕਤਾ ਤਕਨੀਕੀ ਮੰਦੀ ਦੇ ਦੌਰ ਵਿੱਚ ਚਲੀ ਗਈ।

ਕੋਰੋਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਰਥਿਕਤਾ ਵਿਚ ਗਿਰਾਵਟ ਆਉਣ ਲੱਗ ਗਈ ਸੀ। ਸਾਲ 2017-18 ਵਿਚ ਜੀਡੀਪੀ ਗ੍ਰੋਥ 7 ਪ੍ਰਤੀਸ਼ਤ ਸੀ ਪਰ 2018-19 ਵਿਚ ਇਹ 6.1 ਪ੍ਰਤੀਸ਼ਤ ਤੱਕ ਪਹੁੰਚ ਗਿਆ, 2019-20 ਵਿਚ ਇਹ ਭਾਰੀ ਗਿਰਾਵਟ ਨਾਲ 4.2 ਪ੍ਰਤੀਸ਼ਤ ਤੱਕ ਪਹੁੰਚ ਗਿਆ। ਹਾਲਾਂਕਿ, ਮੌਜੂਦਾ ਵਿੱਤੀ ਵਰ੍ਹੇ ਦੌਰਾਨ ਅਨੁਮਾਨਿਤ ਗਿਰਾਵਟ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੋਵੇਗੀ। ਇਸ ਤੋਂ ਪਹਿਲਾਂ 1979-80 ਵਿਚ ਆਰਥਿਕਤਾ ਵਿਚ 5.24% ਦੀ ਗਿਰਾਵਟ ਆਈ ਸੀ।

NO COMMENTS