ਆਖਰ ਕਿਸ ਮਿੱਟੀ ਦੇ ਬਣੇ ਜੋ ਭੁਰਦੇ ਹੀ ਨਹੀਂ! ਦੁਨੀਆ ਸੋਚਣ ਲਈ ਮਜਬੂਰ

0
85

ਚੰਡੀਗੜ੍ਹ22,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਜ਼ੀਰੋ ਡਿਗਰੀ ਤਾਪਮਾਨ ‘ਚ ਪਿਛਲੇ 26 ਦਿਨਾਂ ਤੋਂ ਸੜਕਾਂ ‘ਤੇ ਪੂਰੇ ਜੋਸ਼ ਨਾਲ ਜ਼ਿੰਦਗੀ ਬਿਤਾਉਣ ਵਾਲੇ ਇਹ ਕਿਸਾਨ ਕਿਸ ਮਿੱਟੀ ਦੇ ਬਣੇ ਹਨ। ਸਰਕਾਰਾਂ ਤੇ ਮੀਡੀਆ ਦਾ ਵੱਡਾ ਹਿੱਸਾ ਲਗਾਤਾਰ ਹਮਲੇ ਕਰ ਰਿਹਾ ਹੈ ਪਰ ਇਹ ਭੁਰਦੇ ਹੀ ਨਹੀਂ। ਇਸ ਸਵਾਲ ਦੇਸ਼ ਨਹੀਂ ਬਲਕਿ ਦੁਨੀਆ ਭਰ ਦੇ ਜਿਹਨ ਵਿੱਚ ਆ ਰਿਹਾ ਹੈ। ਇਸ ਲਈ ਭਾਵੁਕ ਹੋ ਕੇ ਦੁਨੀਆ ਭਰ ਦੇ ਲੋਕ ਇਨ੍ਹਾਂ ਕਿਸਾਨ ਲਈ ਕੁਝ ਨਾ ਕੁਝ ਕਰ ਰਹੇ ਹਨ।

ਦੱਸ ਦਈਏ ਕਿ ਹਿਮਾਲਿਆ ਦੇ ਉਪਰਲੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਕਾਰਨ ਕੌਮੀ ਰਾਜਧਾਨੀ ਵਿੱਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਵਾਰ ਇਹ ਤਾਪਮਾਨ ਜ਼ੀਰੋ ਡਿਗਰੀ ਤੋਂ ਹੇਠਾਂ ਵੀ ਚਲਾ ਜਾਂਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਠੰਢ ਹੋਰ ਵਧ ਸਕਦੀ ਹੈ।

ਉਧਰ, ਇਸ ਕੜਾਕੇ ਦੀ ਠੰਢ ਦੇ ਬਾਵਜੂਦ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਕਿਸਾਨਾਂ ਦਾ ਹੌਸਲਾ ਬੁਲੰਦ ਹੈ। ਅੰਦੋਲਨਕਾਰੀ ਕਿਸਾਨ ਇਸ ਠੰਢ ਦੇ ਮੌਸਮ ਵਿੱਚ ਭਾਵੇਂ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ ਪਰ ਉਨ੍ਹਾਂ ਦਾ ਆਪਣੇ ਹੱਕਾਂ ਦੀ ਲੜਾਈ ਪ੍ਰਤੀ ਜੋਸ਼ ਤੇ ਸੰਘਰਸ਼ੀ ਰੁਖ਼ ਨਿੱਤ ਤੇਜ਼ ਹੋ ਰਿਹਾ ਹੈ।

ਕਿਸਾਨ ਅੰਦੋਲਨ ਵਿੱਚ 20 ਦਿਨਾਂ ਤੋਂ ਡਟੇ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਹੱਕਾਂ ਦੀ ਪ੍ਰਾਪਤੀ ਦਾ ਜਾਨੂੰਨ ਹੋਵੇ ਤਾਂ ਠੰਢ ਹੌਸਲੇ ਪਸਤ ਨਹੀਂ ਕਰ ਸਕਦੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਇਸ ਤੋਂ ਮੁਸ਼ਕਲ ਹਾਲਾਤ ਵਿੱਚ ਖੇਤੀ ਦਾ ਕੰਮ ਕਰਦੇ ਹਾਂ, ਇਹ ਠੰਢ ਅਸੀਂ ਪਹਿਲੀ ਵਾਰ ਥੋੜ੍ਹੀ ਝੱਲੀ ਹੈ।

ਧਰਨੇ ਵਿੱਚ ਦਿੱਲੀ ਤੋਂ ਪੁੱਜੇ ਇੱਕ ਜੋੜੇ ਨੇ ਦੱਸਿਆ ਕਿ ਉਨ੍ਹਾਂ ਦਾ ਕਿਸਾਨੀ ਨਾਲ ਕੋਈ ਨੇੜਲਾ ਵਾਸਤਾ ਨਹੀਂ। ਉਨ੍ਹਾਂ ਦੀਆਂ ਤਿੰਨ ਪੀੜੀਆਂ ਸ਼ਹਿਰਾਂ ਵਿੱਚ ਰਹਿ ਰਹੀਆਂ ਹਨ ਪਰ ਜਦੋਂ ਸੋਸ਼ਲ ਮੀਡੀਆ ਉੱਪਰ ਕਿਸਾਨਾਂ ਦੀ ਵੀਡੀਓ ਵੇਖੀਆਂ ਤਾਂ ਉਨ੍ਹਾਂ ਦੇ ਦਿਲ ਪਸੀਜ ਗਏ। ਉਹ ਇੱਥੇ ਕੁਝ ਰਾਸ਼ਨ ਤੇ ਗਰਮ ਕੱਪੜੇ ਲੈ ਕੇ ਆਏ ਪਰ ਇੱਥੇ ਵੇਖਿਆ ਕਿ ਕਿਸਾਨਾਂ ਅੰਦਰ ਠੰਢ ਦਾ ਕੋਈ ਡਰ ਨਹੀਂ। ਇਨ੍ਹਾਂ ਦੇ ਹੌਸਲੇ ਵੇਖ ਸਵਾਲ ਉੱਠਦਾ ਹੈ ਕਿ ਆਖਰ ਇਹ ਕਿਸ ਮਿੱਟੀ ਦੇ ਬਣੇ ਹਨ ਜੋ ਭੁਰਦੇ ਹੀ ਨਹੀਂ!

NO COMMENTS