*ਅੱਜ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਖਰੀ ਮੰਗ ਪੱਤਰ ਦੇ ਕੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਵਜਾਇਆ ਸੰਘਰਸ਼ ਦਾ ਬਿਗਲ*

0
26

ਮਾਨਸਾ, 6 ਜੁਲਾਈ  (ਸਾਰਾ ਯਹਾਂ/ਬੀਰਬਲ ਧਾਲੀਵਾਲ) : ਆਪਣੀ ਪੁਰਾਣੀ ਪੈਨਸ਼ਨ ਅਤੇ 2011 ਦੀ ਸੋਧ ਦੇ ਅਧਾਰ ਤੇ ਵੱਧ ਗੁਣਾਂਕ ਨਾਲ ਪੇਅ ਕਮੀਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸੂਬੇ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਆਉਂਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਆਪਣੇ ਦਿੱਤੇ ਪ੍ਰੋਗਰਾਮ ਤਹਿਤ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਕਮ ਰੋਸ ਪੱਤਰ ਦੇ ਕੇ ਆਪਣਾ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਈਟੀਟੀ ਅਧਿਆਪਕਾਂ ਦਾ ਅੱਜ ਸਰਕਾਰ ਪ੍ਰਤੀ ਰੋਹ ਵੇਖਣ ਵਾਲਾ ਸੀ, ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦਾ ਮਸਲਾ ਜਲਦੀ ਹੀ ਹੱਲ ਨਾ ਕੀਤਾ, ਤਾਂ ਆਉਣ ਵਾਲੇ ਕੁੱਝ ਕੁ ਦਿਨਾਂ ਵਿੱਚ ਹੀ ਪੰਜਾਬ ਅੰਦਰ ਇੱਕ ਵੱਡੀ ਜੰਗ ਛਿੜ ਸਕਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਜੰਥੇਬੰਦੀ ਜਦੋਂ ਵੀ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਦੀ ਹੈ, ਇਤਿਹਾਸ ਗਵਾਹ ਹੈ ਕਿ ਇਹ ਖਾਲੀ ਹੱਥ ਕਦੀ ਵੀ ਵਾਪਿਸ ਨਹੀਂ ਮੁੜਦੀ। ਇਸ ਜੰਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਆਪਣੀ ਪੁਰਾਣੀ ਪੈਨਸ਼ਨ ਅਤੇ ਸੋਧ ਦੇ ਅਧਾਰ ਤੇ ਵੱਧ ਗੁਣਾਂਕ ਨਾਲ ਪੇਅ ਕਮੀਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਪੰਜਾਬ ਦੇ ਮੁਲਾਜ਼ਮ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ।

ਉਹ ਸਿਰਫ ਯੂਨੀਅਨ ਦੇ ਇੱਕ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਸੀਂ ਬਹੁਤ ਸਬਰ ਕਰ ਲਿਆ ਹੈ, ਹੁਣ ਸਰਕਾਰ ਦੀਆਂ ਮਨਮਾਨੀਆਂ ਬਰਦਾਸ਼ਤ ਨਹੀਂ ਹੋਣਗੀਆਂ।  ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜੰਥੇਬੰਦੀ ਨੇ ਅਗਲੇਰੀ ਸਾਰੀ ਰੂਪ ਰੇਖਾ ਉਲੀਕ ਲਈ ਹੈ, ਜੋ ਕਿ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਅਤੇ ਬਲਰਾਜ ਸਿੰਘ ਘਲੋਟੀ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਈਟੀਟੀ ਅਧਿਆਪਕਾਂ ਦੀ ਲਾਮਬੰਦੀ ਕਰ ਲਈ ਹੈ, ਹਰ ਜ਼ਿਲ੍ਹੇ ਵਿੱਚ ਗਰਾਊਂਡ ਪੱਧਰ ਤੇ ਢਾਂਚਾ ਮਜ਼ਬੂਤ ਹੋ ਚੁੱਕਾ ਹੈ, ਜੋ ਕਿ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਲਈ ਖ਼ਤਰਨਾਕ ਸਾਬਤ ਹੋਵੇਗਾ। ਇਸ ਮੌਕੇ ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਅੱਜ ਦੇ ਇਹ ਮੰਗ ਕਮ ਰੋਸ ਪੱਤਰ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਈਟੀਟੀ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਜਥੇਬੰਦੀਆਂ ਦੀ ਅਗਵਾਈ ਹੇਠ ਸੋਪੇ ਗਏ। ਪੂਰੇ ਪੰਜਾਬ ਦੇ ਅਧਿਆਪਕਾਂ ਨੇ ਅੱਜ ਸਰਕਾਰ ਵਿਰੁੱਧ ਨਾਹਰੇਬਾਜ਼ੀ ਕਰਕੇ ਆਪਣਾ ਰੋਹ ਪ੍ਰਗਟ ਕਰਕੇ ਸਰਕਾਰ ਨੂੰ ਇੱਕ ਆਖਰੀ ਚਿਤਾਵਨੀ ਦਿੱਤੀ।

NO COMMENTS