ਮੁਕਤਸਰ 12,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਮੁਕਤਸਰ ਜ਼ਿਲ੍ਹੇ ਦੇ ਕੋਟਕ ਮਹਿੰਦਰਾ ਬੈਂਕ ਤੋਂ ਕੈਸ਼ ਲੈ ਕੇ ਨਿੱਕਲੇ ਡਿਪਟੀ ਮੈਨੇਜਰ ਤੋਂ 45 ਲੱਖ ਰੁਪਏ ਲੁੱਟਣ ਦੀ ਖ਼ਬਰ ਹੈ। ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਪਿੰਡ ਸੈਦੋ ਕੇ ਦੇ ਨਜ਼ਦੀਕ ਕਾਰ ਰੋਕ ਕੇ ਪਿਸਤੌਲ ਦੀ ਨੋਕ ‘ਤੇ 45 ਲੱਖ ਰੁਪਏ ਲੁੱਟੇ ਗਏ। ਲੁਟੇਰਿਆਂ ਵੱਲੋਂ 2 ਹਵਾਈ ਫਾਇਰ ਵੀ ਕੀਤੇ ਗਏ। ਡਿਪਟੀ ਬੈਂਕ ਮੈਨੇਜਰ ਨੇ ਦੱਸਿਆ ਕਿ ਲੁਟੇਰਿਆਂ ਨੇ ਕਾਰ ਰੋਕਣ ਲਈ ਪਿੱਛੋਂ ਗੋਲੀ ਚਲਾਈ ਤੇ ਬਾਅਦ ਵਿੱਚ ਕਾਰ ਰੋਕ ਕੇ ਸਾਹਮਣੇ ਤੋਂ ਗੋਲੀ ਚਲਾਈ ਗਈ।
ਉਨ੍ਹਾਂ ਦੱਸਿਆ ਲੁਟੇਰਿਆਂ ਨੇ ਕਾਰ ਦਾ ਸ਼ੀਸ਼ਾ ਖੁੱਲ੍ਹਵਾਇਆ ਤੇ ਬੈਂਕ ਦੇ ਡਿਪਟੀ ਮੈਨੇਜਰ ਤੇ ਸਾਥੀ ਕਰਮਚਾਰੀ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਕੈਸ਼ ਦਾ ਟਰੰਕ ਲੁਟ ਕੇ ਫਰਾਰ ਹੋ ਗਏ। ਮਿਰਚਾ ਪਾਉਣ ਤੋਂ ਬਾਅਦ ਉਨ੍ਹਾਂ ਨੇ ਸਾਡੇ ਮੋਬਾਈਲ ਵੀ ਖੋਹ ਲਏ। ਮੋਟਰਸਾਈਕਲ ਕਾਲੇ ਰੰਗ ਦਾ ਸਪਲੈਂਡਰ ਸੀ ਤੇ ਉਸ ‘ਤੇ ਕੋਈ ਨੰਬਰ ਪਲੇਟ ਵੀ ਨਹੀ ਸੀ। ਬੈਂਕ ਕਰਮਚਾਰੀ ਇਹ ਕੈਸ਼ ਮੁਕਤਸਰ ਬਰਾਂਚ ਤੋਂ ਜਲਾਲਾਬਾਦ ਲੈ ਕੇ ਜਾ ਰਹੇ ਸੀ।
ਦਿਨ-ਦਿਹਾੜੇ ਏਨੀ ਵੱਡੀ ਰਕਮ ਦੀ ਲੁੱਟ ਹੋਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਬੈਂਕ ਕਰਮਚਾਰੀਆਂ ਵੱਲੋ ਐਨਾ ਕੈਸ਼ ਪ੍ਰਾਈਵੇਟ ਕਾਰ ਵਿੱਚ ਕਿਉਂ ਲੈ ਕੇ ਜਾਇਆ ਜਾ ਰਿਹਾ ਸੀ। ਕੋਈ ਵੀ ਸੁਰੱਖਿਆ ਗਾਰਡ ਕਿਉ ਨਹੀਂ ਸੀ। ਬੈਂਕ ਕਰਮਚਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਕਿ ਉਹ ਸਿਕਿਓਰਿਟੀ ਵੈਨ ਵਿੱਚ ਕੈਸ਼ ਲੈ ਕੇ ਕਿਉਂ ਨਹੀ ਆਏ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੱਤਾ ਜੋ ਕਿ ਵੱਡੇ ਸਵਾਲ ਖੜੇ ਕਰ ਰਿਹਾ ਹੈ।