*ਅੰਮ੍ਰਿਤਸਰ ਪੂਰਬੀ ਤੇ ਚਮਕੌਰ ਸਾਹਿਬ ਸਣੇ 17 ਸੀਟਾਂ ਦੇ ਖਰਚੇ ‘ਤੇ ਚੋਣ ਕਮਿਸ਼ਨ ਦੀ ਨਜ਼ਰ*

0
13

ਚੰਡੀਗੜ੍ਹ 19,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿੱਚ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਕਰੁਣਾ ਰਾਜੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਅੰਮ੍ਰਿਤਸਰ ਪੂਰਬੀ ਅਤੇ ਚਮਕੌਰ ਸਾਹਿਬ ਸਮੇਤ 17 ਸੀਟਾਂ ਅਜਿਹੀਆਂ ਹਨ, ਜਿੱਥੇ ਖਰਚਾ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਉਥੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਬੇ ਵਿੱਚ ਅਰਧ ਸੈਨਿਕ ਬਲ ਦੀਆਂ 700 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੂਰੀ ਪੁਲਿਸ ਫੋਰਸ ਵੀ ਸੁਰੱਖਿਆ ‘ਚ ਰਹੇਗੀ। ਪੰਜਾਬ ਵਿੱਚ ਭਲਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

ਇਨ੍ਹਾਂ ਸੀਟਾਂ ‘ਤੇ ਚੌਕਸੀ
ਅੰਮ੍ਰਿਤਸਰ ਪੂਰਬੀ, ਪਠਾਨਕੋਟ, ਡੇਰਾ ਬਾਬਾ ਨਾਨਕ, ਮਜੀਠਾ, ਅੰਮ੍ਰਿਤਸਰ ਕੇਂਦਰੀ, ਚਮਕੌਰ ਸਾਹਿਬ, ਸਾਹਨੇਵਾਲ, ਲੁਧਿਆਣਾ ਦੱਖਣੀ, ਆਤਮਨਗਰ, ਗਿੱਲ, ਲੰਬੀ ਅਤੇ ਗਿੱਦੜਬਾਹਾ, ਰਾਮਪੁਰਾ ਫੂਲ, ਬਠਿੰਡਾ ਸ਼ਹਿਰੀ, ਮੌੜ, ਸੁਨਾਮ ਅਤੇ ਸਨੌਰ ਵਿੱਚ ਖਰਚਿਆਂ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ। ਕਿਸੇ ਵੀ ਕਾਰਵਾਈ ਲਈ ਭਲਕੇ ਪੋਲਿੰਗ ਵਾਲੇ ਦਿਨ 1100 ਕਵਿੱਕ ਰਿਸਪਾਂਸ ਟੀਮਾਂ (QRTs) ਤਾਇਨਾਤ ਕੀਤੀਆਂ ਜਾਣਗੀਆਂ।

ਹੁਣ ਤੱਕ 500 ਕਰੋੜ ਦਾ ਮਾਲ ਬਰਾਮਦ, 368 ਕਰੋੜ ਦੇ ਨਸ਼ੇ
ਡਾ: ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 500 ਕਰੋੜ ਰੁਪਏ ਦਾ ਸਾਮਾਨ ਬਰਾਮਦ ਹੋਇਆ ਹੈ। ਇਸ ਵਿਚੋਂ ਇਕੱਲੇ ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦੀ ਕੀਮਤ 368.60 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 35 ਕਰੋੜ ਦੀ ਸ਼ਰਾਬ ਅਤੇ 32 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਹੈ। 64 ਕਰੋੜ ਦਾ ਸੋਨਾ, ਚਾਂਦੀ ਆਦਿ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਤੱਕ ਚੋਣਾਂ ਨਾਲ ਸਬੰਧਤ 22 ਹਜ਼ਾਰ 827 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ਵਿੱਚੋਂ ਬਹੁਤੇ ਹੱਲ ਹੋ ਚੁੱਕੇ ਹਨ।

NO COMMENTS