*ਅੰਮ੍ਰਿਤਸਰ ‘ਚ 9 ਸਾਲਾ ਬੱਚੇ ਨੂੰ 15 ਮਿੰਟ ਤੱਕ ਨੋਚ-ਨੋਚ ਖਾਂਦੇ ਰਹੇ ਕੁੱਤੇ, ਮਾਂ ਨੇ ਆ ਕੇ ਬਚਾਇਆ*

0
43

ਅੰਮ੍ਰਿਤਸਰ  03,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਨੌਂ ਸਾਲਾ ਅਰਸ਼ ਰਾਤ ਨੂੰ ਖੇਤਾਂ ਵਿੱਚੋਂ ਲੰਘ ਰਿਹਾ ਸੀ। ਪਿੰਡ ਦੇ ਬਾਹਰ ਖੇਤਾਂ ਵਿੱਚ ਬੈਠੇ 5-6 ਕੁੱਤਿਆਂ ਦੀ ਨਜ਼ਰ ਅਰਸ਼ ’ਤੇ ਪਈ। ਕੁੱਤਿਆਂ ਨੇ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੂੰ 250 ਮੀਟਰ ਦੂਰ ਖੇਤਾਂ ਵਿੱਚ ਘਸੀਟ ਲੈ ਗਏ। 15 ਮਿੰਟ ਤੱਕ ਉਸ ਨੂੰ ਕੁੱਤਿਆਂ ਨੇ ਨੋਚ ਨੋਚ ਖਾਂਦਾ। ਜਦੋਂ ਉਸ ਦੀਆਂ ਚੀਕਾਂ ਮਾਂ ਦੇ ਕੰਨਾਂ ਵਿਚ ਪਈਆਂ ਤਾਂ ਉਸ ਨੇ ਦੌੜ ਕੇ ਅਰਸ਼ ਨੂੰ ਕੁੱਤੇ ਦੇ ਚੁੰਗਲ ਤੋਂ ਬਚਾਇਆ।

ਇਹ ਘਟਨਾ ਪਿੰਡ ਭੰਗੋਈ ਦੀ ਹੈ। ਜ਼ਖਮੀ ਅਰਸ਼ ਦੀ ਹਾਲਤ ਫਿਲਹਾਲ ਖਰਾਬ ਹੈ। ਜ਼ਖਮ ਸੁੱਕ ਰਹੇ ਹਨ ਪਰ ਹੰਝੂ ਨਹੀਂ ਹਨ। ਜਦੋਂ ਡਾਕਟਰ ਪੱਟੀ ਬਦਲਣ ਲਈ ਉਸਦੇ ਵੱਲ ਆਉਂਦਾ ਹੈ ਤਾਂ ਅਰਸ਼ ਚੀਕਣਾ ਸ਼ੁਰੂ ਕਰ ਦਿੰਦਾ ਹੈ। ਅਰਸ਼ ਦੀ ਹਾਲਤ ਦੇਖ ਕੇ ਉਸਦੀ ਮਾਂ ਵੀ ਰੋਣ ਲੱਗ ਜਾਂਦੀ ਹੈ। ਅਰਸ਼ ਦੀ ਮਾਂ ਕੰਵਲਜੀਤ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੀ ਦੁਕਾਨ ’ਤੇ ਗਿਆ ਹੋਇਆ ਸੀ। ਖੇਤਾਂ ਦੇ ਵਿਚਕਾਰੋਂ ਲੰਘਿਆ ਤਾਂ ਜੋ ਉਹ ਜਲਦੀ ਪਹੁੰਚ ਜਾਵੇ ਪਰ ਰਸਤੇ ਵਿੱਚ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ।

ਕੰਵਲਜੀਤ ਨੇ ਦੱਸਿਆ ਕਿ ਜਦੋਂ ਅਰਸ਼ ਨੂੰ ਕੁੱਤਿਆਂ ਦੇ ਚੁੰਗਲ ‘ਚੋਂ ਛੁਡਾਇਆ ਗਿਆ ਤਾਂ ਉਸ ਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਬਚਿਆ। ਕੁੱਤਿਆਂ ਨੇ ਕੱਪੜੇ ਦੇ ਟੁਕੜੇ-ਟੁਕੜੇ ਕਰਕੇ ਖੇਤਾਂ ਵਿੱਚ ਖਿਲਾਰ ਦਿੱਤੇ ਸਨ। ਇੰਨਾ ਹੀ ਨਹੀਂ ਅਰਸ਼ ਦੇ ਸਰੀਰ ਦਾ ਇੱਕ ਵੀ ਹਿੱਸਾ ਅਜਿਹਾ ਨਹੀਂ ਬਚਿਆ, ਜਿੱਥੇ ਕੁੱਤਿਆਂ ਨੇ ਨੋਚਾ ਨਾ ਹੋਵੇ। ਜਿਸ ਕੱਪੜੇ ਵਿੱਚ ਅਰਸ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ ਸੀ, ਉਹ ਵੀ ਖੂਨ ਨਾਲ ਲੱਥਪੱਥ ਸੀ।

ਕੰਵਲਜੀਤ ਹੁਣ 24 ਘੰਟੇ ਹਸਪਤਾਲ ਵਿੱਚ ਆਪਣੇ ਬੇਟੇ ਨਾਲ ਰਹਿ ਰਹੀ ਹੈ। ਪਿਤਾ ਸਵੇਰੇ-ਸ਼ਾਮ ਚੱਕਰ ਲਗਾਉਂਦੇ ਹਨ। ਉਹ ਦਿਹਾੜੀਦਾਰ ਹੈ। ਬੱਚੇ ਦੇ ਪਿਤਾ ਨੇ ਕਿਹਾ ਕਿ ਜੇ ਦਿਹਾੜੀ ‘ਤੇ ਨਾ ਜਾਵਾਂਗੇ ਤਾਂ ਘਰ ਦਾ ਚੁੱਲ੍ਹਾ ਨਹੀਂ ਬਲ ਸਕੇਗਾ। ਸਰਜਨ ਡਾ: ਰਾਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਬੱਚੇ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ, ਪਰ ਜ਼ਖ਼ਮ ਭਰਨ ‘ਚ ਕੁਝ ਸਮਾਂ ਲੱਗੇਗਾ | 

NO COMMENTS