*ਅੰਮ੍ਰਿਤਸਰ ‘ਚ ਵੀ ਕਿਸਾਨਾਂ ਨੇ ਕੱਢਿਆ ਰੋਸ ਮਾਰਚ, ਗੋਲਡਨ ਗੇਟ ਅੱਗੇ ਪੁਤਲਾ ਸਾੜ ਕੀਤਾ ਪ੍ਰਦਰਸ਼ਨ*

0
7

ਅੰਮ੍ਰਿਤਸਰ  26,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜੀਪੁਰ ਬਾਰਡਰ ‘ਤੇ ਬੈਠਿਆਂ ਸੱਤ ਮਹੀਨੇ ਦਾ ਵਕਫਾ ਪੂਰਾ ਹੋਣ ਦੇ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਵਲੋਂ ਪੂਰੇ ਪੰਜਾਬ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਅੱਜ ਅੰਮ੍ਰਿਤਸਰ ‘ਚ ਕਿਸਾਨ ਜਥੇਬੰਦੀਆਂ ਵੱਲੋ ਅੰਮ੍ਰਿਤਸਰ ਦੇ ਡੀਸੀ ਦਫਤਰ ਦੇ ਬਾਹਰ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਗਿਆ। ਕਰੀਬ ਦੋ ਘੰਟੇ ਨਾਅਰੇਬਾਜ਼ੀ ਕਰਨ ਉਪਰੰਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਮੱਦੇਨਜਰ ਮੰਗ ਪੱਤਰ ਡੀਸੀ ਦਫਤਰ ‘ਚ ਅੇੈਸਡੀਅੇੈਮ ਵਿਕਾਸ ਹੀਰਾ ਨੂੰ ਦਿੱਤਾ। 

ਇਸ ਉਪਰੰਤ ਕਿਸਾਨ ਆਗੂਆਂ ਨੇ ਡੀਸੀ ਦਫਤਰ ਤੋ ਰੋਸ ਮਾਰਚ ਸ਼ੁਰੂ ਕਰਕੇ ਗੋਲਡਨ ਗੇਟ ਤੱਕ ਰੋਸ ਮਾਰਚ ਕੱਢਿਆ। ਉਨ੍ਹਾਂ ਗੋਲਡਨ ਗੇਟ ਅੱਗੇ ਪੁਤਕਾ ਸਾੜ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਪ੍ਰਦਰਸ਼ਨ ਅੱਜ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਖਿਲਾਫ ਵੀ ਸੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮਨੰਗਲ, ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਤੇ ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿਸਾਨ ਜਥੇਬੰਦੀਆਂ ਲਗਾਤਾਰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ ਤੇ ਜਿਨਾਂ ਲੰਬਾ ਸਮਾਂ ਸੰਘਰਸ਼ ਸਰਕਾਰ ਚਲਾਉਣਾ ਚਾਹੇ, ਕਿਸਾਨ ਚਲਾਉਣਗੇ। 

ਉਨ੍ਹਾਂ ਕਿਹਾ ਜਿਨਾਂ ਚਿਰ ਤੱਕ ਤਿੰਨ ਖੇਤੀ ਕਾਨੂੰਨ ਸਰਕਾਰ ਵਲੋਂ ਰੱਦ ਨਹੀਂ ਕੀਤੇ ਜਾਂਦੇ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਖੇਤੀ ਮੰਤਰੀ ਨਰਿੰਦਰ ਤੋਮਰ ਦੇ ਕਾਨੂੰਨ ਰੱਦ ਨਾ ਕਰਨ ਦੀ ਸ਼ਰਤ ‘ਤੇ ਮੀਟਿੰਗ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਸਰਕਾਰ ‘ਤੇ ਕਾਰਪੋਰੇਟ ਅਦਾਰਿਆਂ ਦਾ ਲਗਾਤਾਰ ਦਬਾਅ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨਾਂ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਝੋਨੇ ਦੀ ਬਿਜਾਈ ਦੌਰਾਨ ਅੱਠ ਘੰਟੇ ਬਿਜਲੀ ਨਿਰਵਿਘਨ ਦੇਣ ਦਾ ਵਾਦਾ ਕੀਤਾ ਸੀ ਪਰ ਸਿਰਫ 6 ਘੰਟੇ ਮੁਸ਼ਕਲ ਨਾਲ ਬਿਜਲੀ ਮਿਲ ਰਹੀ ਹੈ ਜਿਸ ਕਾਰਨ ਝੋਨੇ ਦੀ ਲਵਾਈ ਪ੍ਰਭਾਵਿਤ ਹੋ ਰਹੀ ਹੈ।

NO COMMENTS