*ਅੰਮ੍ਰਿਤਪਾਲ ਸਿੰਘ ਅੱਗੇ ਝੁਕੀ ਪੁਲਿਸ , ਗ੍ਰਿਫ਼ਤਾਰ ਲਵਪ੍ਰੀਤ ਤੂਫ਼ਾਨ ਨੂੰ ਕੀਤਾ ਜਾਵੇਗਾ ਰਿਹਾਅ , ਮਾਮਲੇ ਦੀ ਜਾਂਚ ਲਈ ਬਣਾਈ SIT*

0
94

(ਸਾਰਾ ਯਹਾਂ/ਬਿਊਰੋ ਨਿਊਜ਼ )  : ਆਖ਼ਿਰਕਾਰ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਅੱਗੇ ਝੁਕਣਾ ਹੀ ਪਿਆ ਹੈ। ਅਜਨਾਲਾ ਪੁਲਿਸ ਵੱਲੋਂ ਪਰਚਾ ਰੱਦ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਧਰਨਾ ਚੁੱਕ ਲਿਆ ਹੈ। ਅੰਮ੍ਰਿਤਸਰ ਦੇ ਐਸ.ਐਸ. ਪੀ. ਨੇ ਕਿਹਾ ਕਿ ਸਾਡੇ ਸਾਹਮਣੇ ਪੇਸ਼ ਸਬੂਤਾਂ ਅਨੁਸਾਰ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ ਬਣਾਈ ਗਈ ਹੈ। ਪੰਜਾਬ ਪੁਲਿਸ ਦਾ ਹੁਣ ਵੱਡਾ ਯੂ-ਟਰਨ ਦੇਖਣ ਨੂੰ ਮਿਲਿਆ ਹੈ। ਅਜਨਾਲਾ ਪੁਲਿਸ ਭੀੜ ਅੱਗੇ ਬੇਬੱਸ ਨਜ਼ਰ ਆਈ। ਅੰਮ੍ਰਿਤਪਾਲ ਸਿੰਘ ਸ਼ਰੇਆਮ ਥਾਣੇ ‘ਚੋਂ ਸੰਬੋਧਨ ਕਰ ਰਹੇ ਸਨ ਅਤੇ ਪਰਚਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਭਾਈ ਤੂਫਾਨ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਥਾਣੇ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ’ਚ ਭਾਈ ਅੰਮ੍ਰਿਤਪਾਲ ਦੇ ਸਮਰਥਕ ਮੌਜੂਦ ਹਨ।  ਦੱਸ ਦਈਏ ਕਿ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਸੀ ,ਜਿਨ੍ਹਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਸਖਤ ਰੋਕਾਂ ਲਾਈਆਂ ਹੋਈਆਂ ਸੀ ਪਰ ਅੰਮ੍ਰਿਤਪਾਲ ਸਿੰਘ ਦੇ ਹਮਾਇਤੀ ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਕਿ ਪੁਲਿਸ ਉਨ੍ਹਾਂ ਨੂੰ ਰੋਕਣ ਵਿੱਚ ਬੇਵੱਸ ਨਜ਼ਰ ਆਈ। ਜਿਸ ਤੋਂ ਬਾਅਦ ਅਜਨਾਲਾ ਥਾਣੇ ’ਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਥਾਣੇ ਦੇ ਅੰਦਰ ਵੜ ਗਏ ਅਤੇ ਉਨ੍ਹਾਂ ਨੇ ਕਬਜ਼ਾ ਕਰ ਲਿਆ। ਇਸ ਮੌਕੇ ’ਤੇ ਅਜਨਾਲਾ ਦੇ ਐਸਪੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।  ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਪੰਜਾਬ ਪੁਲਿਸ ਵਿਚਾਲੇ ਝੜਪ ਵੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਕਾਫਲੇ ‘ਤੇ ਲਾਠੀਚਾਰਜ ਕੀਤਾ। ਇਸ ਸਭ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਜਨਾਲਾ ਪਹੁੰਚ ਗਏ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਪੁਲਿਸ ’ਤੇ ਤਲਵਾਰਾਂ ਨਾਲ ਹਮਲਾ ਵੀ ਕੀਤਾ ਗਿਆ ਸੀ। ਉੱਥੇ ਹੀ ਦੂਜੇ ਪਾਸੇ ਪੁਲਿਸ ਅਤੇ ਭਾਈ ਅੰਮ੍ਰਿਤਪਾਲ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਦੇ ਕਾਰਨ ਕਈ ਪੁਲਿਸ ਜ਼ਖਮੀ ਹੋ ਗਏ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਭੰਨਿਆ ਗਿਆ।

NO COMMENTS