ਚੰਡੀਗੜ੍ਹ, 27 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਕੋਵਿਡ ਮਹਾਂਮਾਰੀ ਦੌਰਾਨ ਜਿਥੇ ਕੁੱਝ ਲੋਕ ਮੁਨਾਫਾਖੋਰੀ ਵਿੱਚ ਲੱਗੇ ਹੋਏ ਨੇ ਉਥੇ ਦੂਜੇ ਪਾਸੇ ਸਮਾਜ ਵਿਚ ਅਜਿਹੇ ਲੋਕ ਵੀ ਮੌਜੂਦ ਨੇ ਜਿਨ੍ਹਾਂ ਲਈ ਮਾਨਵਤਾ ਦੀ ਸੇਵਾ ਤੋਂ ਵੱਧ ਕੇ ਕੁਝ ਨਹੀਂ ਹੈ। ਇਸੇ ਕੜੀ ਤਹਿਤ ਜਲੰਧਰ ਤੋਂ ਅੰਕੁਰ ਨਰੂਲਾ ਮਨਿਸਟਰੀ ਖਾਂਬਰਾ ਚਰਚ ਵੱਲੋਂ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮਨੁੱਖਤਾ ਦੀ ਸੇਵਾ ਤਹਿਤ ਪੰਜਾਬ ਸਰਕਾਰ ਦੀ ਮਦਦ ਲਈ ਹੱਥ ਵਧਾਏ ਗਏ ਹਨ। ਸਿਹਤ ਮੰਤਰੀ ਬਲਬੀਰ ਸਿੱਧੂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ ਪੁੱਜੀ ਅੰਕੁਰ ਨਰੂਲਾ ਮਿਨਿਸਟਰੀ ਦੀ ਟੀਮ ਵਲੋਂ ਸਰਕਾਰ ਨੂੰ 20 ਆਕਸੀਜਨ ਕੰਸਟਰੇਟਰ,150 ਪਲਸ ਆਕਸੀਮੀਟਰ, ਮਾਸਕ ਅਤੇ ਸੈਨੀਟਾਈਜ਼ਰ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅੰਕੁਰ ਨਰੂਲਾ ਮਿਨਿਸਟਰੀ ਖਾਂਬਰਾ ਚਰਚ ਦਾ ਧੰਨਵਾਦ ਕਰਦਿਆਂ ਇਸ ਨੂੰ ਮਾਨਵਤਾ ਦੀ ਸੱਚੀ ਸੇਵਾ ਦੱਸਿਆ। ਸਿਹਤ ਮੰਤਰੀ ਨੇ ਕਿਹਾ ਮੌਜੂਦਾ ਸਮੇਂ ਵਿੱਚ ਖਾਂਬਰਾ ਚਰਚ ਅਤੇ ਹੋਰ ਸਮਾਜ ਸੇਵੀ ਸੰਗਠਨਾਂ ਵਲੋਂ ਦਿੱਤੇ ਗਏ ਕੰਸਟਰੇਟਰ ਵੱਡੀ ਸਹੂਲਤ ਹੋਣਗੇ। ਸਿਹਤ ਮੰਤਰੀ ਨੇ ਕਿਹਾ ਕਿ ਜਦੋਂ ਅਜਿਹੀਆਂ ਸੰਸਥਾਵਾਂ ਮਾਨਵਤਾ ਦੀ ਸੇਵਾ ਲਈ ਅੱਗੇ ਆਉਂਦੀਆਂ ਨੇ ਤਾਂ ਮਹਾਂਮਾਰੀ ਖ਼ਿਲਾਫ਼ ਜੰਗ ਵਿਚ ਸਰਕਾਰ ਨੂੰ ਵੱਡਾ ਬਲ ਮਿਲਦਾ ਹੈ।
ਓਧਰ ਇਸ ਮੌਕੇ ਅੰਕੁਰ ਨਰੂਲਾ ਮਿਨਿਸਟਰੀ ਖਾਂਬਰਾ ਚਰਚ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਦੱਸਿਆ ਕਿ ਚਰਚ ਵਲੋਂ ਕੋਵਿਡ ਮਹਾਂਮਾਰੀ ਚ ਪੰਜਾਬ ਸਰਕਾਰ ਨੂੰ ਦਿਤੀ ਗਈ ਮਦਦ ਦੀ ਇਹ ਪਹਿਲੀ ਖੇਪ ਹੈ ਅਤੇ ਚਰਚ ਮੈਨੇਜਮੈਂਟ ਭਵਿੱਖ ਵਿਚ ਵੀ ਪੰਜਾਬ ਸਰਕਾਰ ਅਤੇ ਪੰਜਾਬ ਵਾਸੀਆਂ ਦੀ ਮਦਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜ਼ਾਂ ਲਈ ਖਾਂਬਰਾ ਚਰਚ ਵਲੋਂ ਇੱਕ ਐਲ 1 ਕੋਵਿਡ ਕੇਅਰ ਸੈਂਟਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ, ਜੋ ਆਕਸੀਜਨ ਕੰਸਟ੍ਰੇਟਰ ਤੇ ਹੋਰ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਕੋਵਿਡ ਕੇਅਰ ਸੈਂਟਰ ਵਿਚ ਮਰੀਜ਼ਾਂ ਨੂੰ ਮੈਡੀਕਲ ਸਹੂਲਤ ਦੇ ਨਾਲ-ਨਾਲ ਪੌਸ਼ਟਿਕ ਤੇ ਸਾਫ਼-ਸੁਥਰੇ ਖਾਣੇ ਦਾ ਵੀ ਪ੍ਰਬੰਧ ਹੋਵੇਗਾ।
ਇਸ ਮੌਕੇ ਜਿਲਾ ਯੂਥ ਕਾਂਗਰਸ ਦੇ ਪ੍ਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ, ਜੌਹਨ ਕੋਟਲੀ, ਐਡਵੋਕੇਟ ਅਭਿਸ਼ੇਕ ਗਿੱਲ, ਗੁਰਿੰਦਰ ਮੁਖਾ, ਹਮੀਦ ਮਸੀਹ, ਸੁਧੀਰ ਲਾਡੀ ਅਤੇ ਸੰਦੀਪ ਬਟਾਲਾ ਵੀ ਵਿਸ਼ੇਸ਼ ਤੌਰ ਮੌਜੂਦ ਸਨ।