*ਅਸੀਂ ਜਿੱਤੀਏ ਜਾਂ ਹਾਰੀਏ, ਪੰਜਾਬ ਦੇ ਹਿੱਤਾਂ ਦੀ ਲੜਾਈ ਲੜਣੋਂ ਪਿੱਛੇ ਨਹੀਂ ਹਟਾਂਗੇ:ਸੁਖਬੀਰ ਬਾਦਲ*

0
48

ਮਾਨਸਾ 29 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਬੇਸ਼ੱਕ ਲੋਕ ਸਭਾ ਦੀ ਇੱਕ ਵੀ ਸੀਟ ਨਾ ਜਿੱਤਣ ਤੇ ਭਾਵੇਂ 2027 ਵਿੱਚ ਉਨ੍ਹਾਂ ਦੀ ਸਰਕਾਰ ਵੀ ਨਾ ਆਵੇ। ਪਰ ਅਕਾਲੀ ਦਲ ਕਿਸਾਨਾਂ, ਮਜਦੂਰਾਂ, ਗਰੀਬਾਂ, ਕੌਮ ਅਤੇ ਅਸੂਲਾਂ ਦੀ ਲੜਾਈ ਇਸੇ ਤਰ੍ਹਾਂ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨੂੰ ਦੱਬਣਾ ਚਾਹੁੰਦੀ ਸੀ ਕਿ ਇਨ੍ਹਾਂ ਨੂੰ 1-2 ਸੀਟਾਂ ਦੇ ਕੇ ਮੰਤਰੀ ਦਾ ਲਾਲਚ ਦੇ ਦਿਓ। ਪਰ ਅਕਾਲੀ ਦਲ ਨੇ ਕੋਰਾ ਜਵਾਬ ਦੇ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਾ ਤਾਂ ਸਾਨੂੰ ਮੰਤਰੀ ਅਹੁਦਾ ਚਾਹੀਦਾ ਹੈ ਅਤੇ ਨਾ ਹੀ ਕੋਈ ਕੁਰਸੀ। ਸਾਨੂੰ ਇਸ ਸਭ ਨਾਲੋਂ ਅਸੂਲ ਪਿਆਰੇ ਹਨ। ਉਹ ਸੋਮਵਾਰ ਨੂੰ ਮਾਨਸਾ ਭਰਵੇਂ ਇੱਕਠ ਨੂੰ ਸੋਬੰਧਨ ਕਰਦਿਆਂ ਬੋਲ ਰਹੇ ਸਨ। ਜਿਸ ਦੀ ਅਗਵਾਈ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਦਿਲਰਾਜ ਸਿੰਘ ਭੂੰਦੜ ਨੇ ਕੀਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਿਕੰਮੀ ਸਰਕਾਰ ਹੈ। ਜੇਕਰ ਪੰਜਾਬ ਵਿੱਚ ਸਾਡੀ ਸਰਕਾਰ ਹੁੰਦੀ ਤਾਂ ਕੇਂਦਰ ਦੀ ਮਜਾਲ ਨਹੀਂ ਸੀ ਕਿ ਉਹ ਕਿਸਾਨਾਂ ਤੇ ਇਸ ਤਰ੍ਹਾਂ ਤਸ਼ੱਦਦ ਕਰਦੀ ਅਤੇ ਇਹ ਗੋਲੇ ਵਰ੍ਹਾਉਂਦੀ। ਅਕਾਲੀ ਦਲ ਖੁਦ ਇਹ ਲੜਾਈ ਲੜਦਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਿਰਫ ਵਿਆਹ ਕਰਵਾਉਣ ਦੇ ਵਾਅਦੇ ਪੂਰੇ ਕੀਤੇ ਹਨ ਅਤੇ ਪੰਜਾਬ ਦੇ ਲੋਕ ਇਨ੍ਹਾਂ ਤੋਂ ਹੋਰ ਕੋਈ ਝਾਕ ਵੀ ਨਾ ਰੱਖਣ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 22 ਸਾਲ ਪੰਜਾਬ ਵਿੱਚ ਰਾਜ ਕੀਤਾ। ਥਰਮਲ, ਏਅਰਪੋਰਟ, ਲੰਮੀਆਂ-ਚੋੜੀਆਂ ਸੜਕਾਂ, ਅੰਡਰ ਤੇ ਓਵਰਬ੍ਰਿਜ, ਥਰਮਲ ਪਲਾਂਟ, ਏਮਜ ਵਰਗੇ ਵੱਡੇ ਵਿਕਾਸ ਕੀਤੇ ਹਨ। ਦੱਸਿਆ ਜਾਵੇ ਕਿ ਅੱਜ ਕਿਹੜੀ ਸੂਬਾ ਸਰਕਾਰ ਇਹ ਕੁਝ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਿੱਲੀ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ। ਇਸ ਕਰਕੇ ਪੰਜਾਬੀ ਇਸ ਨਾਲ ਜੁੜਣ ਅਤੇ ਅਕਾਲੀ ਦਲ ਨੂੰ ਤਕੜਾ ਕਰਕੇ ਪੰਜਾਬ ਨੂੰ ਮਜਬੂਤ ਬਣਾ ਕੇ ਰੱਖਣ। ਸੁਖਬੀਰ ਬਾਦਲ ਨੇ ਕਿਹਾ ਕਿ ਜੂਨ ਮਹੀਨਾ ਪੰਜਾਬ ਦੇ ਲਈ ਕਾਲਾ ਗਿਣਿਆ ਜਾਂਦਾ ਹੈ। ਇਸ ਮਹੀਨੇ ਸਿੱਖਾਂ ਦੀ ਕਤਲੋਂ ਗਾਰਦ ਹੋਈ ਸੀ। ਪੰਜਾਬੀਆਂ ਨੂੰ ਇਹ ਦਿਨ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜਦੋਂ ਕੇਂਦਰ ਵਿੱਚ ਕਿਸਾਨੀ ਖਿਲਾਫ ਕਾਨੂੰਨ ਲਿਆਂਦੇ ਤਾਂ ਅਕਾਲੀ ਦਲ ਨੇ ਮੰਤਰੀ ਅਹੁਦਾ ਛੱਡ ਕੇ ਕਿਸਾਨਾਂ ਨਾਲ ਖੜ੍ਹਾ ਹੋਣ ਨੂੰ ਪਹਿਲ ਦਿੱਤੀ। ਪਰ ਅੱਜ ਅਸੀਂ ਇਹ ਸਭ ਭੁੱਲ ਬੈਠੇ ਹਾਂ। ਉਨ੍ਹਾਂ ਨੇ ਮੰਚ ਤੋਂ ਅੋਰਤਾਂ ਨੂੰ ਸੱਦਾ ਦਿੱਤਾ ਕਿ ਉਹ ਝਾੜੂ ਵਾਲੀਆਂ ਗੱਲਾਂ ਵਿੱਚ ਵੀ ਨਾ ਆਉਣ। ਜਿਵੇਂ ਅੋਰਤਾਂ ਨੂੰ 1000-1000 ਰੁਪਏ ਮਿਲ ਗਏ। ਓਵੇਂ ਹੋਰ ਵੀ ਸਭ ਕੁਝ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਅੋਰਤਾਂ ਘਰਾਂ ਵਿੱਚ ਪਏ ਝਾੜੂ ਤੋੜ ਕੇ ਚੁੱਲ੍ਹੇ ਵਿੱਚ ਲਗਾ ਦੇਣ। ਹੁਣ ਘਰਾਂ ਵਿੱਚ ਪੋਚਾ ਵਰਤਿਆ ਜਾਵੇ ਕਿਉਂਕਿ ਝਾੜੂ ਸਾਡੇ ਲਈ ਸ਼ੁੱਭ ਨਹੀਂ। ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਸੁਖਦੇਵ ਸਿੰਘ ਚੈਨੇਵਾਲਾ, ਅਕਾਲੀ ਆਗੂ ਸਰਦੂਲ ਸਿੰਘ ਘਰਾਂਗਣਾ, ਸਵਰਨ ਸਿੰਘ ਹੀਰੇਵਾਲਾ, ਸਰਪੰਚ ਸੇਮੀ ਸਿੰਘ ਹੀਰੇਵਾਲਾ, ਮੇਵਾ ਸਿੰਘ ਬਾਂਦਰਾਂ, ਤਰਸੇਮ ਚੰਦ ਭੋਲੀ, ਰੇਸ਼ਮ ਸਿੰਘ ਬਣਾਂਵਾਲੀ, ਬੋਬੀ ਜੈਨ ਸਰਦੂਲਗੜ੍ਹ, ਨੋਹਰ ਚੰਦ ਝੁਨੀਰ, ਸਵਰਜਨੀਤ ਸਿੰਘ ਦਾਨੇਵਾਲਾ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ, ਰਘੁਵੀਰ ਸਿੰਘ ਚਹਿਲ, ਅਸ਼ੋਕ ਡਬਲੂ ਝੁਨੀਰ, ਤੋਂ ਇਲਾਵਾ ਹੋਰ ਵੀ ਆਗੂ ਅਤੇ ਵਰਕਰ ਮੌਜੂਦ ਸਨ।

NO COMMENTS