ਅਲਵਿਦਾ ਟ੍ਰੇਜੇਡੀ ਕਿੰਗ 07,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਟ੍ਰੇਜੇਡੀ ਕਿੰਗ ਦਿਲੀਪ ਕੁਮਾਰ ਦਾ ਬੁੱਧਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। 98 ਸਾਲਾ ਦਿਲੀਪ ਕੁਮਾਰ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਸੀ। ਉਹ ਪਿਛਲੇ ਮਹੀਨੇ ਤੋਂ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ 6 ਜੂਨ ਨੂੰ ਸਾਹ ਚੜ੍ਹਨ ਕਾਰਨ ਦਾਖਲ ਕਰਵਾਇਆ ਗਿਆ ਸੀ।
ਡਾਕਟਰਾਂ ਵੱਲੋਂ ਉਨ੍ਹਾਂ ਦੇ ਫੇਫੜਿਆਂ ਦੇ ਬਾਹਰ ਇਕੱਠਾ ਤਰਲ ਸਫਲਤਾਪੂਰਵਕ ਹਟਾ ਦਿੱਤਾ ਗਿਆ ਸੀ ਤੇ ਪੰਜ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬੁੱਧਵਾਰ ਨੂੰ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ।
ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪਾਕਿਸਤਾਨ ਵਿੱਚ ਹੋਇਆ ਸੀ ਤੇ ਉਨ੍ਹਾਂ ਦਾ ਨਾਮ ਯੂਸਫ਼ ਖ਼ਾਨ ਸੀ। ਬਾਅਦ ਵਿੱਚ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਰਦੇ ‘ਤੇ ਪ੍ਰਸਿੱਧੀ ਮਿਲੀ। ਅਭਿਨੇਤਾ ਨੇ ਇੱਕ ਨਿਰਮਾਤਾ ਦੇ ਕਹਿਣ ‘ਤੇ ਆਪਣਾ ਨਾਮ ਬਦਲ ਦਿੱਤਾ, ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਪਰਦੇ ‘ਤੇ ਦਿਲੀਪ ਕੁਮਾਰ ਦੇ ਰੂਪ ਵਿੱਚ ਜਾਣਨ ਲੱਗੇ।
ਅਣਵੰਡੇ ਪੰਜਾਬ ਦੇ ਪੇਸ਼ਾਵਰ (ਹੁਣ ਪਾਕਿਸਤਾਨ) ਵਿੱਚ ਜਨਮੇ ਦਿਲੀਪ ਕੁਮਾਰ ਦਾ ਪੰਜਾਬ ਨਾਲ ਵਿਸ਼ੇਸ਼ ਸਬੰਧ ਸੀ। ਉਹ ਵੰਡ ਤੋਂ ਬਾਅਦ ਮੁੰਬਈ ਵਿੱਚ ਨਿਸ਼ਚਤ ਤੌਰ ਉਤੇ ਵਸ ਗਏ ਸਨ ਪਰ ਉਨ੍ਹਾਂ ਦਾ ਹਮੇਸ਼ਾਂ ਪੰਜਾਬ ਦੀ ਧਰਤੀ ਨਾਲ ਪਿਆਰ ਰਿਹਾ।
ਦਿਲੀਪ ਕੁਮਾਰ ਦਾ ਅਸਲ ਨਾਮ ਯੂਸਫ ਖ਼ਾਨ ਸੀ। ਉਨ੍ਹਾਂ ਉਰਦੂ ਉੱਤੇ ਆਪਣੀ ਪਕੜ ਬਣਾਈ ਰੱਖੀ। ਪਰ ਉਹ ਪੰਜਾਬੀ ਵੀ ਕਮਾਲ ਦੀ ਬੋਲਦੇ ਸਨ। ਇਸ ਗੱਲ ਦਾ ਖੁਲਾਸਾ ਇੱਕ ਵੀਡੀਓ ਤੋਂ ਹੋਇਆ ਜਿਸ ਨੂੰ ਅਦਾਕਾਰ ਧਰਮਿੰਦਰ ਨੇ ਪਿਛਲੇ ਸਾਲ ਸਾਂਝਾ ਕੀਤਾ ਸੀ। ਇਸ ਵੀਡੀਓ ਵਿੱਚ ਦਿਲੀਪ ਸਹਿਬ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਾਨਤਾਵਾਂ ਉੱਤੇ ਪੰਜਾਬੀ ਵਿੱਚ ਬੋਲਦੇ ਨਜ਼ਰ ਆ ਰਹੇ ਹਨ।
ਇਹ ਵੀਡੀਓ 1998 ਦੀ ਹੈ, ਉਸ ਸਮੇਂ ਦਿਲੀਪ ਕੁਮਾਰ ਦੀ ਉਮਰ 75 ਸਾਲ ਸੀ। ਇਸ ਵੀਡੀਓ ਵਿੱਚ ਉਹ ਆਪਣੀ ਉਮਰ ਬਾਰੇ ਵੀ ਦੱਸਦੇ ਨਜ਼ਰ ਆ ਰਹੇ ਹਨ। 1998 ਵਿਚ, ਉਨ੍ਹਾਂ ਨੂੰ ਨਿਸ਼ਾਨ-ਏ-ਇਮਤਿਆਜ਼, ਪਾਕਿਸਤਾਨ ਦਾ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਦਿਲੀਪ ਕੁਮਾਰ ਨੂੰ ਅੱਠ ਫਿਲਮਫੇਅਰ ਅਵਾਰਡ ਮਿਲ ਚੁੱਕੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਦਿਲੀਪ ਕੁਮਾਰ ਦਾ ਨਾਮ ਸਭ ਤੋਂ ਵੱਧ ਪੁਰਸਕਾਰ ਜਿੱਤਣ ਲਈ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੈ।