ਫਗਵਾੜਾ 8 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਹਦਾਇਤਾਂ ‘ਤੇ ਕਾਂਗਰਸ ਪਾਰਟੀ ਨੇ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਫਗਵਾੜਾ ‘ਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ। ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਭਾਰਤੀਆਂ ਨੂੰ ਜਬਰੀ ਵਾਪਸ ਭੇਜਣ ਅਤੇ ਅਣਮਨੁੱਖੀ ਵਿਵਹਾਰ ਨੂੰ ਰੋਕਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਮੋਦੀ ਕਹਿੰਦੇ ਹਨ ਕਿ ਟਰੰਪ ਉਹਨਾਂ ਦੇ ਜਿਗਰੀ ਦੋਸਤ ਹਨ। ਜੇਕਰ ਟਰੰਪ ਮੋਦੀ ਦੇ ਦੋਸਤ ਹਨ ਤਾਂ ਭਾਰਤੀਆਂ ਦੀ ਬੇਇੱਜਤੀ ਕਰਕੇ ਉਹਨਾਂ ਨੇ ਇਹ ਕਿਹੜੀ ਦੋਸਤੀ ਨਿਭਾਈ ਹੈ, ਇਸਦਾ ਜਵਾਬ ਦੇਸ਼ ਦੀ ਜਨਤਾ ਅੱਜ ਮੋਦੀ ਸਰਕਾਰ ਤੋਂ ਮੰਗਦੀ ਹੈ। ਸਮੂਹ ਕਾਂਗਰਸੀਆਂ ਵਲੋਂ ਭਾਜਪਾ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਵਿਚਕਾਰ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਉੱਥੇ ਲੀਗਲ ਸਟੇਅ ਲਈ ਜਾਂ ਇੱਜਤ ਨਾਲ ਭਾਰਤ ਵਾਪਸੀ ਯਕੀਨੀ ਬਨਾਉਣ ਲਈ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਦੀ ਸਹਾਇਤਾ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਭਾਰਤ ਪਰਤੇ ਨੌਜਵਾਨਾਂ ਨੇ ਜਿਸ ਤਰ੍ਹਾਂ ਆਪਣੇ ਘਰਾਂ ਵਿੱਚ ਪਹੁੰਚ ਕੇ ਜਹਾਜ ਵਿੱਚ ਹੱਥਕੜੀਆਂ ਤੇ ਪੈਰਾਂ ਵਿੱਚ ਜੰਜੀਰਾਂ ਲਗਾ ਕੇ ਲਿਆਂਦੇ ਜਾਨ ਦੀਆਂ ਦਾਸਤਾਨਾਂ ਸੁਣਾਈਆਂ ਹਨ ਉਹ ਬਹੁਤ ਹੀ ਤ੍ਰਾਸ਼ਦੀ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅਮਰੀਕਾ ਤੋਂ ਅੰਮ੍ਰਿਤਸਰ ਦੀ ਉਡਾਨ ਤਕਰੀਬਨ 17-18 ਘੰਟੇ ਦੀ, ਉਹ ਵੀ ਯਾਤਰੀ ਜਹਾਜ਼ ਨਾ ਹੋ ਕੇ ਫੌਜ ਦੇ ਮਾਲ ਢੋਣ ਵਾਲੇ ਜਹਾਜ ਵਿੱਚ ਹੋਵੇ ਅਤੇ ਉਪਰੋਂ ਹੱਥਕੜੀਆਂ ਤੇ ਬੇੜੀਆਂ ਲੱਗੀਆਂ ਹੋਣ ਤਾਂ ਇਸ ਤੋਂ ਵੱਡਾ ਤਸ਼ੱਦਦ ਕੋਈ ਹੋਰ ਨਹੀਂ ਹੋ ਸਕਦਾ। ਧਾਲੀਵਾਲ ਨੇ ਕਿਹਾ ਕਿ ਇਹ ਨੌਜਵਾਨ ਅਮਰੀਕਾ ਵਿੱਚ ਕਿਰਤ ਕਰਨ ਲਈ ਗਏ ਸਨ। ਉਹਨਾਂ ਨੇ ਕੋਈ ਸੰਗੀਨ ਜੁਰਮ ਨਹੀਂ ਕੀਤਾ ਸੀ ਜੋ ਅਪਰਾਧੀਆਂ ਵਰਗਾ ਵਤੀਰਾ ਕੀਤਾ ਗਿਆ। ਉਹਨਾਂ ਇਸ ਦੇ ਲਈ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਭਾਰਤ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਭਾਰਤੀਆਂ ਦੀ ਵਾਪਸੀ ਦਾ ਖੁੱਦ ਪ੍ਰਬੰਧ ਕਰਦੇ। ਇਸ ਮੋਕੇ ਵੱਡੀ ਗਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ, ਮੈਂਬਰ ਅਤੇ ਸਮਰਥਕ ਹਾਜਰ ਸਨ।