*ਅਮਨ ਅਰੋੜਾ ਵੱਲੋਂ ਪਟਿਆਲਾ ਵਿਖੇ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਦਾ ਦੌਰਾ; ਕੰਮ-ਕਾਜ ਦਾ ਲਿਆ ਜਾਇਜ਼ਾ*

0
13

ਚੰਡੀਗੜ੍ਹ/ਪਟਿਆਲਾ, 17 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਦੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇੱਥੇ ਸਰਹਿੰਦ ਰੋਡ ‘ਤੇ ਸਥਿਤ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਦਾ ਅਚਨਚੇਤ ਦੌਰਾ ਕਰਕੇ ਇਸ ਦੀ ਕਾਰਜਪ੍ਰਣਾਲੀ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਪ੍ਰਿੰਟਿੰਗ ਪ੍ਰੈੱਸ ਦੀ ਜਿਲਦਸਾਜ਼ੀ ਅਤੇ ਮਸ਼ੀਨ ਭਾਗ ਦਾ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ।

ਜ਼ਿਕਰਯੋਗ ਹੈ ਕਿ ਸ੍ਰੀ ਅਮਨ ਅਰੋੜਾ, ਜਿਨ੍ਹਾਂ ਕੋਲ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੀ ਹਨ, ਨੇ ਬੀਤੇ ਦਿਨੀਂ ਹੀ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਵਜੋਂ ਵੀ ਅਹੁਦਾ ਸੰਭਾਲਿਆ ਹੈ।  

ਸ੍ਰੀ ਅਮਨ ਅਰੋੜਾ ਨੇ ਕੰਟਰੋਲਰ ਪੁਨੀਤ ਗੋਇਲ, ਵਧੀਕ ਕੰਟਰੋਲਰ ਆਨੰਦ ਸਾਗਰ ਸ਼ਰਮਾ ਨਾਲ ਇੱਥੇ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੇ ਮੌਜੂਦਾ ਸਮੇਂ ਦੀ ਮੰਗ ਮੁਤਾਬਕ ਪ੍ਰਿੰਟਿੰਗ ਪ੍ਰਣਾਲੀ ਨੂੰ ਆਧੁਨਿਕ ਤਕਨੀਕਾਂ ਅਪਣਾ ਕੇ ਡਿਜ਼ੀਟਲ ਤਰੀਕੇ ਨਾਲ ਅਪਗ੍ਰੇਡ ਕਰਨ ‘ਤੇ ਜ਼ੋਰ ਦਿੱਤਾ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਸਾਰੇ ਵਿਭਾਗਾਂ ਲਈ ਸਟੇਸ਼ਨਰੀ ਤੇ ਛਪਾਈ ਨਾਲ ਸਬੰਧਤ ਕੰਮ ਇਸ ਵਿਭਾਗ ਜਰੀਏ ਕਰਵਾਉਣ ਲਈ ਵਚਨਬੱਧ ਹੈ ਤਾਂ ਕਿ ਸਰਕਾਰੀ ਪ੍ਰਿੰਟਿੰਗ ਪ੍ਰੈੱਸ ਕੋਲ ਮੌਜੂਦ ਮਸ਼ੀਨਰੀ ਅਤੇ ਮਨੁੱਖੀ ਸ਼ਕਤੀ ਦੀ ਸਦਵਰਤੋਂ ਕੀਤੀ ਜਾ ਸਕੇ।
ਇਸ ਦੌਰਾਨ ਸ੍ਰੀ ਅਮਨ ਅਰੋੜਾ ਨੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਸਮੇਤ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸ੍ਰੀ ਗੌਤਮ ਜੈਨ ਅਤੇ  ਹੋਰ ਅਧਿਕਾਰੀਆਂ ਨਾਲ ਇੱਕ ਸਾਂਝੀ ਬੈਠਕ ਕਰਕੇ ਦੋਵਾਂ ਵਿਭਾਗਾਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਪ੍ਰੈੱਸ ਕਲੋਨੀ ਦਾ ਵੀ ਦੌਰਾ ਕੀਤਾ।————

NO COMMENTS