*ਅਬਾਦਕਾਰਾਂ ਤੋਂ ਜ਼ਮੀਨਾਂ ਖੋਹਣ ਨਹੀਂ ਦੇਵਾਂਗੇ – ਭਾਕਿਯੂ (ਏਕਤਾ) ਡਕੌਂਦਾ*

0
22

ਬਰੇਟਾ 5 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ ):ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਬਲਾਕ ਬੁਢਲਾਡਾ ਦੇ ਪਿੰਡ ਕੁਲਰੀਆਂ ਵਿੱਚ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਵੱਡੀ ਰੋਸ ਰੈਲੀ ਕੀਤੀ ਗਈ । ਕਾਬਿਲੇਗੌਰ ਹੈ ਕਿ ਪਿੰਡ ਕੁਲਰੀਆਂ ਵਿੱਚ ਕਾਫੀ ਦਿਨਾਂ ਤੋਂ ਪੰਚਾਇਤੀ  ਵਿਭਾਗ ਵੱਲੋਂ ਲਗਭਗ 65 ਸਾਲਾਂ ਤੋਂ ਜ਼ਮੀਨ ‘ਤੇ ਕਾਬਜ ਕਿਸਾਨਾਂ ਦੀ 72 ਏਕੜ ਜ਼ਮੀਨ, ਜਿਸ ਉੱਪਰ ਸੌ ਤੋਂ ਉੱਪਰ ਪਰਿਵਾਰ ਵਾਹੀ ਕਰਦੇ ਆ ਰਹੇ ਹਨ, ਦੇ ਜ਼ਮੀਨੀ ਰਿਕਾਰਡ ਵਿੱਚ ਵੀ ਕਿਸਾਨਾਂ ਦੀ ਕਬਜਾ ਕਾਸਤ ਦਰਜ ਕੀਤੀ ਹੋਈ ਹੈ । ਇੰਨਾਂ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖਲ ਕਰਨ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ ਅਤੇ ਕਿਸਾਨ ਆਪਣੀ ਜਮੀਨ ਬਚਾਉਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ । ਅੱਜ ਜਿਲਾ ਪ੍ਰਸਾਸ਼ਨ ਵੱਲੋਂ ਪੁਲਸ ਬਲ ਦੇ ਜ਼ੋਰ ਤੇ ਕਿਸਾਨਾਂ ਦੀ ਜ਼ਮੀਨ ਦੀ ਕਬਜਾ ਕਾਰਵਾਈ ਕਰਨ ਦੀ ਵਿਉਂਤਬੰਦੀ ਕੀਤੀ ਹੋਈ ਸੀ ਪਰ ਜੱਥੇਬੰਦੀ ਵੱਲੋਂ ਮੋਰਚਾ ਸੰਭਾਲੇ ਜਾਣ ਕਾਰਨ ਪ੍ਰਸਾਸ਼ਨ ਵੱਲੋਂ ਸਥਿਤੀ ਨੂੰ ਸੰਭਾਲਦਿਆਂ ਕੱਲ੍ਹ 6 ਜੁਲਾਈ ਨੂੰ ਜਿਲਾ ਪੱਧਰ ਦੇ ਅਧਿਕਾਰੀਆਂ ਦੀ ਕੱਲ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਬੁਲਾਈ ਗਈ ਹੈ  । ਜਿਸ ਵਿਚ ਮਸਲੇ ਦਾ ਸ਼ਾਂਤਮਈ ਹੱਲ ਲੱਭਣ ‘ਤੇ ਜ਼ੋਰ ਦਿੱਤਾ ਜਾਵੇਗਾ । ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਲੋਕਾਂ ਦੀ ਕਿਰਤ ਨੂੰ ਬਚਾਉਣ ਲਈ ਹਰ ਕੁਰਬਾਨੀ ਦੇ ਕੇ  ਜ਼ਮੀਨ ਦੀ ਰਾਖੀ ਕੀਤੀ ਜਾਵੇਗੀ ਕਿਉਂਕਿ ਸਰਕਾਰ ਦੀ ਮਨਸ਼ਾ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਵੱਡੀਆਂ ਕੰਪਨੀਆਂ ਹਵਾਲੇ ਕਰਨ ਦੀ ਹੈ ਪਰ ਜੱਥੇਬੰਦੀ ਕਿਰਤੀ ਵਰਗ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਡਟਕੇ ਸੰਘਰਸ਼ ਕਰੇਗੀ । ਇਸ ਸਮੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਗੁਰਜੰਟ ਸਿੰਘ ਮਘਾਣੀਆਂ, ਸਤਪਾਲ ਸਿੰਘ ਵਰ੍ਹੇ, ਤਾਰਾ ਚੰਦ ਬਰੇਟਾ, ਬਲਦੇਵ ਸਿੰਘ ਪਿਪਲੀਆ, ਮੋਹਿੰਦਰ ਸਿੰਘ ਕੁਲਰੀਆ ਆਦਿ ਮੌਜੂਦ ਰਹੇ ।

NO COMMENTS