ਹੁਸ਼ਿਆਰਪੁਰ 07,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) : ਡੀਜੀਪੀ ਦਿਨਕਰ ਗੁਪਤਾ ਅਤੇ ਆਈਜੀ ਜਲੰਧਰ ਰੇਂਜ ਕੋਸ਼ਤਭ ਸ਼ਰਮਾ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਇਸ ਦੌਰਾਨ ਅੰਤਰ ਰਾਸ਼ਟਰੀ ਡਰੱਗ ਅਤੇ ਹਵਾਲਾ ਰੈਕਟ ਦਾ ਪਰਦਾਫਾਸ਼ ਕਰਦਿਆਂ 20 ਕਿਲੋ 700 ਗ੍ਰਾਮ ਹੈਰੋਇਨ ਅਤੇ 40 ਲੱਖ 12 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਨਸ਼ਿਆਂ ਦੇ ਧੰਦੇ ’ਚ ਸ਼ਾਮਲ ਛੇ ਲੋਕਾਂ ਨੂੰ ਦਿੱਲੀ, ਉਤਰ ਪ੍ਰਦੇਸ਼ ਅਤੇ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ ਗਿਆ ਹੈ। ਇਸ ਕਾਰਵਾਈ ਨਾਲ ਅੰਤਰ-ਰਾਸ਼ਟਰੀ ਡਰੱਗ ਰੈਕਟ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਨੇ ਅੰਤਰਰਾਜ਼ੀ ਨਸ਼ਿਆਂ ਦੀ ਸਪਲਾਈ ਚੇਨ ਦਾ ਲੱਕ ਤੋੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ।
ਐਸਐਸਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਸਥਾਨਕ ਪੁਲਿਸ ਲਾਈਨਜ਼ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਵੱਡੀ ਕਾਰਵਾਈ ਸਬੰਧੀ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਬੀਤੇ ਦਿਨੀਂ ਦਿੱਲੀ ਤੋਂ 4 ਅਫਗਾਨੀ ਨਾਗਰਿਕਾਂ ਨੂੰ 17 ਕਿਲੋ ਹੈਰੋਇਨ ਅਤੇ ਹੈਰੋਇਨ ਬਨਾਉਣ ਵਾਲੇ ਸਮਾਨ ਤੇ ਕੈਮੀਕਲ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਉਪਰੰਤ ਡੂੰਘਾਈ ਨਾਲ ਜਾਂਚ ਨੂੰ ਵਧਾਉਂਦਿਆਂ ਇਸ ਵਿਚ ਸ਼ਾਮਲ 6 ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਐਸਪੀ (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸਪੀ ਪੀਬੀਆਈ ਮਨਦੀਪ ਸਿੰਘ, ਏਐਸਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਅਤੇ ਸੀਆਈਏ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਿਚ ਦੋ ਟੀਮਾਂ ਬਣਾਈਆਂ ਗਈਆਂ ਸੀ ਜਿਨ੍ਹਾਂ ਵਲੋਂ ਦਿੱਲੀ ਅਤੇ ਉਤਰ ਪ੍ਰਦੇਸ਼ ਜਾ ਕੇ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਟੀਮ ਵਲੋਂ ਦਿੱਲੀ ਵਿਖੇ 5 ਜੁਲਾਈ ਨੂੰ ਕਿਸ਼ਨ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ 10 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ।
ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਿਸ਼ਨ ਕੁਮਾਰ ਜੋ ਕਿ ਹਵਾਲੇ ਦਾ ਕਾਰੋਬਾਰ ਕਰਦਾ ਹੋਣ ਕਰਕੇ ਨਸ਼ਿਆਂ ਦੀ ਸਮਗਲਿੰਗ ਤੋਂ ਕਮਾਏ ਪੈਸੇ ਨੂੰ ਅਭੈ ਅਤੇ ਇਮਤਿਆਜ਼ ਰਾਹੀਂ ਹਵਾਲੇ ਦੇ ਕਾਰੋਬਾਰ ਵਿੱਚ ਲਾ ਕੇ ਇਹ ਪੈਸਾ ਸੰਭਾਲਦੇ ਸੀ।
ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਪਹਿਲਾਂ ਵੀ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਮੁਕਦਮਾ ਨੰਬਰ 110 ਮਿਤੀ 18 ਮਈ 2021 ਵਿਚ 1 ਕਿਲੋ 600 ਗਰਾਮ ਹੈਰੋਇਨ, 600 ਗਰਾਮ ਅਫੀਮ, 500 ਗਰਾਮ ਸੋਨਾ ਅਤੇ 50 ਲੱਖ ਰੁਪਏ ਡਰੱਗ ਮਨੀ ਦੇ ਮਾਮਲੇ ਵਿਚ ਭਗੌੜਾ ਸੀ।
ਸੇਠੀ ਅਤੇ ਗਗਨ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ’ਚ ਕਾਬੂ ਕੀਤੇ ਚਾਰ ਅਫਗਾਨੀ ਨਾਗਰਿਕ: ਸਰਬਜੀਤ ਸਿੰਘ ਊਰਫ ਸੇਠੀ ਅਤੇ ਗਗਨਦੀਪ ਸਿੰਘ ਊਰਫ ਗਗਨ ਨੂੰ ਗ੍ਰਿਫਤਾਰ ਕਰਨ ਉਪਰੰਤ ਕੀਤੀ ਪੁੱਛਗਿੱਛ ਤੋਂ ਅੰਤਰ-ਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਗ੍ਰਿਫਤਾਰੀ ਉਪਰੰਤ 4 ਅਫਗਾਨੀ ਨਾਗਰਿਕਾਂ ਨੂੰ 17 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਉਪਰੰਤ ਇਨ੍ਹਾਂ 6 ਮੁਲਜ਼ਮਾਂ ਨੂੰ ਕਾਬੂ ਕਰਕੇ 3 ਕਿਲੋ 200 ਗਰਾਮ ਹੈਰੋਇਨ ਅਤੇ 40 ਲੱਖ 12 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।