*ਅਪ੍ਰੈਲ ਤੋਂ ਜੂਨ ਤੱਕ ਕੁਦਰਤ ਰਹੇਗੀ ਕਹਿਰਵਾਨ! ਮੌਸਮ ਵਿਭਾਗ ਦੀ ਰਿਪੋਰਟ ‘ਚ ਖੁਲਾਸਾ*

0
240

ਨਵੀਂ ਦਿੱਲੀ 1,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ) ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਕਿਹਾ ਹੈ ਕਿ ਐਤਕੀਂ ਉੱਤਰ ਤੇ ਪੂਰਬੀ ਭਾਰਤ ’ਚ ਅਪ੍ਰੈਲ ਤੋਂ ਜੂਨ ਤੱਕ ਦਾ ਤਾਪਮਾਨ ਆਮ ਨਾਲੋਂ ਵੱਧ ਰਹਿ ਸਕਦਾ ਹੈ; ਭਾਵ ਇਸ ਵਾਰ ਗਰਮੀ ਕੁਝ ਜ਼ਿਆਦਾ ਪੈ ਸਕਦੀ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਰਚ ਮਹੀਨੇ ’ਚ ਹੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਤੇ ਚਲਾ ਗਿਆ ਸੀ।

ਵਿਭਾਗੀ ਮਾਹਿਰਾਂ ਮੁਤਾਬਕ ਹਾਲੇ ਭੂ-ਮੱਧ ਰੇਖਾ ਦੇ ਪ੍ਰਸ਼ਾਂਤ ਖੇਤਰ ’ਚ ਦਰਮਿਆਨੇ ਅਲ-ਨੀਨੋ ਦੀ ਹਾਲਤ ਹੈ ਤੇ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ (SST) ਦਰਮਿਆਨਾ ਤੇ ਪੂਰਬੀ ਭੂ-ਮੱਧ ਰੇਖਾ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਮ ਨਾਲੋਂ ਘੱਟ ਹੈ। ਮੌਸਮ ਵਿਭਾਗ ਨੇ ਕਿਹਾ ਕਿ ਤਾਜ਼ਾ ਅਨੁਮਾਨ ਆਉਣ ਵਾਲੇ ਮੌਸਮ ’ਚ SST ਵਧਣ ਦਾ ਸੰਕੇਤ ਦਿੰਦੇ ਹਨ। ਗਰਮੀਆਂ ’ਚ ਇਹ ਆਈਐਮਡੀ ਦਾ ਦੂਜਾ ਪੂਰਵ ਅਨੁਮਾਨ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਮਾਰਚ ਤੋਂ ਮਈ ਲਈ ਪੂਰਵ-ਅਨੁਮਾਨ ਜਾਰੀ ਕੀਤਾ ਸੀ।

ਓੜੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ’ਚ ਲੋਕਾਂ ਨੂੰ ਬੁੱਧਵਾਰ ਨੂੰ ਜ਼ਬਰਦਸਤੀ ਗਰਮੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉੱਥੋਂ ਦਾ ਤਾਪਮਾਨ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਵਿਭਿੰਨ ਹਿੱਸਿਆਂ ਵਿੱਚ ਲੂ ਦਾ ਕਹਿਰ ਵੀ ਜਾਰੀ ਹੈ। ਭੁਵਨੇਸ਼ਵਰ ’ਚ ਗਰਮੀ ਕਾਰਨ ਆਮ ਜਨ-ਜੀਵਨ ਉੱਤੇ ਡਾਢਾ ਅਸਰ ਪਿਆ ਹੈ। ਮੰਗਲਵਾਰ ਤੋਂ ਹੁਣ ਤੱਕ ਵੱਧ ਤੋਂ ਵੱਧ ਤਾਪਮਾਨ ’ਚ ਚਾਰ ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਭੁਵਨੇਸ਼ਵਰ ਹੁਣ ਉੜੀਸਾ ਦਾ ਸਭ ਤੋਂ ਵੱਧ ਗਰਮ ਸਥਾਨ ਬਣ ਗਿਆ ਹੈ।

ਮੌਸਮ ਵਿਭਾਗ ਅਨੁਸਾਰ 1948 ਤੋਂ ਬਾਅਦ ਭੁਵਨੇਸ਼ਵਰ ’ਚ ਮਾਰਚ ਮਹੀਨੇ ਦਾ ਇਹ ਸਭ ਤੋਂ ਵੱਧ ਤਾਪਮਾਨ ਹੈ। ਇਸ ਤੋਂ ਪਹਿਲਾਂ 21 ਮਾਰਚ ਨੂੰ ਭੁਵਨੇਸ਼ਵਰ ਦਾ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

NO COMMENTS