*ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਹਿਤਾਂ ਨੂੰ ਸੱਟ ਮਾਰਨ ਕਰਕੇ ਸੰਗਰੂਰ ਸੀਟ ਹਾਰੀ ‘ਆਪ’- ਮਿਸ਼ਨ ਅੰਬੇਡਕਰ – ਭੁਪਿੰਦਰ ਬੀਰਵਾਲ*

0
23

ਮਾਨਸਾ, 26 ਜੂਨ (ਸਾਰਾ ਯਹਾਂ/ ਬੀਰਬਲ ਧਾਲੀਵਾਲ )– ‘ਮਿਸ਼ਨ ਅੰਬੇਡਕਰ’ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਹਲਕੇ ਦੇ ਵੋਟਰਾਂ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਜਿਸ ਵਿਚ ‘ਆਪ’ ਉਮੀਦਾਰ ਲੋਕ ਸਭਾ ਚੋਣ ਹਾਰ ਗਿਆ ਹੈ। ‘ਮਿਸ਼ਨ’ ਦੀ ਮੀਟਿੰਗ ਦੌਰਾਨ ‘ਆਪ’ ਸਰਕਾਰ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਧਨਾਢਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਅਤੇ ਗ਼ਰੀਬ ਲੋਕਾਂ ਦੇ ਹਿਤਾਂ ਦਾ ਘਾਣ ਕਰ ਰਹੀ ਹੈ। ‘ਮਿਸ਼ਨ’ ਦੇ ਕਨਵੀਨਰ ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਹਿਤਾਂ ਨੂੰ ਸੱਟ ਮਾਰਨ ਕਰਕੇ ‘ਆਪ’ ਸੰਗਰੂਰ ਲੋਕ ਸਭਾ ਸੀਟ ਹਾਰ ਗਈ ਹੈ। ਉਨ੍ਹਾਂ ਕਿਹਾ ਕਿ ਲੰਘੀਆਂ ਰਾਜ ਸਭਾ ਚੋਣਾਂ ’ਚ 7 ਮੈਂਬਰਾਂ ’ਚੋਂ ਇੱਕ ਵੀ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦਾ ਨਹੀਂ ਹੈ। ਨਰਮੇ ਦੇ ਖ਼ਰਾਬੇ ਲਈ ਕਿਸਾਨਾਂ ਨੂੰ ਤਾਂ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹੈ ਪਰ ਨਰਮਾ ਚੁਗਣ ਵਾਲੇ ਮਜ਼ਦੂਰਾਂ ਦੀ ਹਾਲੇ ਤੱਕ ਬਾਤ ਨਹੀਂ ਪੁੱਛੀ ਗਈ। ਪੰਜਾਬ ਪੁਲਿਸ ਦੀ ਭਰਤੀ ’ਚ ਸਾਰੇ ਕਾਨੂੰਨ ਛਿੱਕੇ ਟੰਗ ਕੇ 150 ਐਸ.ਸੀ. ਉਮੀਦਵਾਰਾਂ ਨੂੰ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸ ਦੀ ਸਰਕਾਰ ਦਲਿਤ ਅਤੇ ਰਿਜਰਵੇਸ਼ਨ ਵਿਰੋਧੀਆਂ ਦਾ ਟੋਲਾ ਹੈ, ਜਿਸ ਕਾਰਨ ਅਨੁਸੂਚਿਤ ਜਾਤੀਆਂ ਤੇ ਪਛੜੀ ਸ਼੍ਰੇਣੀਆਂ ਦੇ ਲੋਕਾਂ ਨੇ ਸੰਗਰੂਰ ਜਿਮਨੀ ਚੋਣ ’ਚ ਆਪਣੇ ਆਪ ਨੂੰ ਵੋਟ ਪਾਉਣ ਤੋਂ ਦੂਰ ਰੱਖਿਆ। ਸ੍ਰੀ ਬੀਰਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਹਾਲੇ ਵੀ ਕੁਝ ਨਹੀਂ ਵਿਗੜਿਆ, ਉਹ ਰਾਜ ਦੇ 7 ਮੈਂਬਰਾਂ ’ਚੋਂ 4 ਮੈਂਬਰਾਂ ਨੂੰ ਵਾਪਸ ਬੁਲਾਵੇ ਅਤੇ ਉਨ੍ਹਾਂ ਦੀ ਥਾਂ ’ਤੇ 4 ਮੈਂਬਰ ਅਨੁਸੂਚਿਤ ਜਾਤੀਆਂ ਅਤੇ ਪਛੜੀ ਸ਼੍ਰੇਣੀਆਂ ਵਿਚੋਂ ਰਾਜ ਸਭਾ ’ਚ ਭੇਜੇ ਜਾਣ। ਇਹ ਮੰਗ ਪੰਜਾਬ ਵਿਚ ਇਨ੍ਹਾਂ ਜਾਤੀਆਂ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਹੈ। ਪੁਲਿਸ ਦੀ ਭਰਤੀ ’ਚੋਂ ਬਾਹਰ ਕੀਤੇ ਐਸ.ਸੀ. ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ ਅਤੇ ਨਰਮਾ ਚੁਗਣ ਵਾਲੇ ਮਜ਼ਦੂਰਾਂ ਨੂੰ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।

NO COMMENTS