* ਅਨਿਲ ਜੋਸ਼ੀ ਵੱਲੋਂ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ, 20 ਅਗਸਤ ਨੂੰ ਕਈ ਬੀਜੇਪੀ ਲੀਡਰਾਂ ਸਣੇ ਫੜਨਗੇ ਅਕਾਲੀ ਦਲ ਦਾ ਪੱਲਾ*

0
44

ਅੰਮ੍ਰਿਤਸਰ 18,ਅਗਸਤ (ਸਾਰਾ ਯਹਾਂ) : : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਵਾਲੇ ਭਾਜਪਾ ਦੇ ਸਾਬਕਾ ਲੀਡਰ ਅਨਿਲ ਜੋਸ਼ੀ ਅਕਾਲੀ ਦਲ ‘ਚ ਸ਼ਾਮਲ ਹੋਣਗੇ। ਖੇਤੀ ਕਾਨੂੰਨਾਂ ਉੱਪਰ ਸਵਾਲ ਚੁੱਕਣ ਕਰਕੇ ਉਨ੍ਹਾਂ ਨੂੰ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੇ ਪਾਰਟੀ ‘ਚੋਂ ਕੱਢ ਦਿੱਤਾ ਸੀ।

ਹੁਣ ਜੋਸ਼ੀ ਨੇ ਆਪਣਾ ਸਿਆਸੀ ਭਵਿੱਖ ਤੈਅ ਕਰਦੇ ਹੋਏ ਅਕਾਲੀ ਦਲ ਦਾ ਪੱਲਾ ਫੜਨ ਦਾ ਫੈਸਲਾ ਕੀਤਾ ਹੈ। ਉਹ 20 ਅਗਸਤ ਨੂੰ ਚੰਡੀਗੜ੍ਹ ਵਿੱਚ ਸੁਖਬੀਰ ਬਾਦਲ ਤੇ ਬਾਕੀ ਲੀਡਰਸ਼ਿਪ ਦੀ ਹਾਜ਼ਰੀ ਅਕਾਲੀ ‘ਚ ਸ਼ਾਮਲ ਹੋਣਗੇ। ਜੋਸ਼ੀ ਨਾਲ ਜਲੰਧਰ ਤੇ ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਦੇ ਭਾਜਪਾ ਆਗੂ ਅਕਾਲੀ ਦਲ ‘ਚ ਸ਼ਾਮਲ ਹੋਣਗੇ।

ਜੋਸ਼ੀ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਮੇਰੇ ਸਾਥੀ, ਮੇਰੇ ਵਰਕਰ ਇਹੋ ਚਾਹੁੰਦੇ ਸਨ ਕਿ ਉਹ ਅਜਿਹੀ ਪਾਰਟੀ ‘ਚ ਜਾਣ, ਜੋ ਪੰਜਾਬ ਦੇ ਫੈਸਲੇ ਲੈਣ ਲਈ ਦਿੱਲੀ ਵੱਲ ਨਾ ਤੱਕੇ ਤੇ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਮੁਤਾਬਕ ਕੰਮ ਕਰਦੀ ਹੈ।

ਜੋਸ਼ੀ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਖਾਤਰ ਐਨਡੀਏ ਦਾ ਸਾਥ ਛੱਡਿਆ ਤੇ ਕੁਰਸੀ ਛੱਡੀ ਤੇ ਹਾਲੇ ਵੀ ਉਹ ਕਿਸਾਨਾਂ ਦੇ ਹੱਕ ‘ਚ ਲੜਾਈ ਲੜ ਰਹੇ ਹਨ। ਅਕਾਲੀ ਦਲ ਭਾਜਪਾ ਗਠਜੋੜ ਪੰਜਾਬ ‘ਚ ਅਮਨ-ਸ਼ਾਂਤੀ ਦਾ ਪ੍ਰਤੀਕ ਸੀ ਪਰ ਭਾਜਪਾ ਦੇ ਵੱਖ ਹੋਣ ਨਾਲ ਉਹ ਇਸ ਕਮੀ ਨੂੰ ਪੂਰਾ ਕਰਨਗੇ ਤੇ ਸਾਰੇ ਵਰਗਾਂ ਤੇ ਸਾਰੇ ਖੇਤਰਾਂ ਦੀ ਸੋਚ ਮੁਤਾਬਕ ਪਾਰਟੀ ਕੰਮ ਕਰੇਗੀ।

ਜੋਸ਼ੀ ਨੇ ਖੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨਾਲ ਕਿੰਨੇ ਆਗੂ/ ਅਹੁਦੇਦਾਰ ਹੋਰ ਅਕਾਲੀ ਦਲ ‘ਚ ਜਾਣਗੇ ਪਰ ਵੱਖ-ਵੱਖ ਪੜਾਅ ਵਿੱਚ ਕਈ ਆਗੂ ਅਕਾਲੀ ਦਲ ‘ਚ ਸ਼ਾਮਲ ਹੋਣਗੇ। ਜੋਸ਼ੀ ਨੇ ਕਿਹਾ ਉਹ ਉੱਤਰੀ ਹਲਕੇ ਤੋਂ ਹੀ ਚੋਣ ਲੜਨਗੇ ਤੇ ਪਾਰਟੀ ਸਾਰੇ ਮਸਲੇ ਹੱਲ ਕਰ ਲਵੇਗੀ ਤੇ ਜੇਤੂ ਉਮੀਦਵਾਰ ਹੀ ਚੋਣ ਲੜਨਗੇ। ਜ਼ਿਕਰਯੋਗ ਹੈ ਅਕਾਲੀ ਬਸਪਾ ਸਮਝੌਤੇ ਤਹਿਤ ਅੰਮ੍ਰਿਤਸਰ ਉੱਤਰੀ ਸੀਟ ਬਸਪਾ ਦੇ ਖਾਤੇ ਚਲੀ ਗਈ ਸੀ। ਹੁਣ ਇਹ ਸੀਟ ਦੇ ਬਦਲੇ ਅਕਾਲੀ ਦਲ ਕੋਈ ਹੋਰ ਸੀਟ ਬਸਪਾ ਨੂੰ ਦੇਵੇਗਾ।

NO COMMENTS