*ਅਧਿਆਪਕ ਰਾਜ ਪੁਰਸਕਾਰ ਮਿਲਣ ‘ਤੇ ਡਾ. ਵਿਨੋਦ ਮਿੱਤਲ ਨੂੰ ਕੀਤਾ ਗਿਆ ਸਨਮਾਨਿਤ*

0
116

ਮਾਨਸਾ, 06 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਦਾ ਇਹ ਸਨਮਾਨ ਸਾਲ 2024 ਦਾ ਅਧਿਆਪਕ ਰਾਜ ਪੁਰਸਕਾਰ ਮਿਲਣ ‘ਤੇ ਕੀਤਾ ਗਿਆ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਹਰ ਸਾਲ ਇਹ ਪੁਰਸਕਾਰ ਰਾਜ ਪੱਧਰੀ ਸਮਾਰੋਹ ਕਰਵਾ ਕੇ ਦਿੱਤੇ ਜਾਂਦੇ ਹਨ।  ਇਸ ਵਾਰ ਇਹ ਸਮਾਰੋਹ ਹੁਸ਼ਿਆਰਪੁਰ ਦੇ ਸਿਟੀ ਸੈੰਟਰ ਵਿੱਚ ਕੀਤਾ ਗਿਆ, ਜਿੱਥੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈੰਸ ਵੱਲੋਂ ਡਾ. ਵਿਨੋਦ ਮਿੱਤਲ ਨੂੰ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।  ਅੱਜ ਸਕੂਲ ਵਿੱਚ ਸਨਮਾਨ ਸਮਾਰੋਹ ਤੋਂ ਪਹਿਲਾ ਸਕੂਲ ਸਟਾਫ਼, ਪਰਿਵਾਰਕ ਮੈਬਰਾਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਡਾ. ਵਿਨੋਦ ਮਿੱਤਲ ਨੂੰ ਇੱਕ ਖੁੱਲੀ ਗੱਡੀ ਵਿੱਚ ਬਿਠਾ ਕੇ, ਢੋਲ ਵਜਾਉਦੇ ਹੋਏ ਇੱਕ ਵੱਡੇ ਇਕੱਠ ਰਾਹੀਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਇਹ ਕਾਫਲਾ ਸਕੂਲ ਪਹੁੰਚਿਆ। ਸਕੂਲ ਪਹੁੰਚਣ ‘ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਟਾਫ਼ ਮੈਂਬਰਾਂ ਵੱਲੋਂ ਡਾ. ਵਿਨੋਦ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਹਿਮਾਨੀ ਕਾਂਸਲ ਦੇ ਗਲ ਵਿੱਚ ਹਾਰ ਪਾ ਕੇ ਅਤੇ ਫੁੱਲਾਂ ਵਾਲੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਸਕੂਲੀ ਬੱਚਿਆਂ ਵੱਲੋਂ ਆਪਣੇ ਬੈਂਡ ਨਾਲ ਸਾਰਿਆਂ ਨੂੰ ਸਕੂਲ ਦੀ ਮੁੱਖ ਸਟੇਜ ‘ਤੇ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਦੀਆਂ ਤਾੜੀਆਂ ਦੀ ਗੂੰਜ ਨਾਲ ਸਾਰਾ ਪੰਡਾਲ ਗੂੰਜ ਉਠਿੱਆ। ਸਵਾਗਤ ਵਿੱਚ ਰੰਗੋਲੀ ਬਣਾਈ ਗਈ। ਇਸ ਮਗਰੋਂ ਵੱਖ-ਵੱਖ ਅਧਿਆਪਕਾਂ ਵੱਲੋਂ ਡਾ. ਵਿਨੋਦ ਮਿੱਤਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਇੰਚਾਰਜ਼ ਪ੍ਰਿੰਸੀਪਲ ਸ਼੍ਰੀਮਤੀ ਗੁਰਸਿਮਰ ਕੌਰ, ਡਾ. ਸ਼ੁਸ਼ੀਲ ਕੁਮਾਰ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਆਪਣੇ ਸੰਬੋਧਨ ਦੌਰਾਨ ਮੰਚ ਤੋਂ ਇਸ ਗੱਲ ਦੀ ਗਵਾਹੀ ਭਰੀ ਗਈ ਕਿ ਡਾ. ਵਿਨੋਦ ਮਿੱਤਲ ਸੱਚਮੁੱਚ ਇਸ ਸਨਮਾਨ ਦੇ ਹੱਕਦਾਰ ਸਨ ਕਿਉਂਕਿ ਉਹ ਹਮੇਸ਼ਾ ਵਿਦਿਆਰਥੀਆਂ ਦੀ ਪੜਾਈ ਲਈ, ਸਮਾਜ ਸੇਵਾ ਲਈ ਅਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਉਨ੍ਹਾਂ ਦੇ ਆਪਣੇ ਕਿੱਤੇ ਪ੍ਰਤੀ ਜ਼ਜ਼ਬੇ, ਲਗਨ ਅਤੇ ਮਿਹਨਤ ਦਾ ਸਰਕਾਰ ਵੱਲੋਂ ਹੁਣ ਮੁੱਲ ਪਾਇਆ ਗਿਆ ਹੈ।  ਅਸਲ ਵਿੱਚ ਉਹ ਆਪਣੀ ਕਰਮ ਭੂਮੀ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਸਨਮਾਨ ਸਮਾਰੋਹ ਵਿੱਚ ਡਾ. ਵਿਨੋਦ ਮਿੱਤਲ ਦੇ ਪਰਿਵਾਰਕ ਮੈੰਬਰ, ਦੋਸਤ, ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰ, ਰਿਸ਼ਤੇਦਾਰ, ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਅਖੀਰ ਵਿੱਚ ਡਾ. ਵਿਨੋਦ ਮਿੱਤਲ ਵੱਲੋਂ ਸਾਰਿਆਂ ਦਾ ਇਸ ਭਰਵੇ ਸਨਮਾਨ ਲਈ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਅੱਗੇ ਤੋਂ ਉਹ ਹੋਰ ਵੀ ਹੌਸਲੇ ਤੇ ਉਤਸ਼ਾਹ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਉਣਗੇ ਤਾਂ ਜੋ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਜੋ ਮਾਣ ਬਖਸ਼ਿਆ ਗਿਆ ਹੈ, ਉਸ ਨਾਲ ਪੂਰਾ ਨਿਆਂ ਹੋ ਸਕੇ।


NO COMMENTS