*ਅਧਿਆਪਕਾਂ ਦੀ ਅਨਾਮਲੀ ਦੂਰ ਕਰਨ ਲਈ ਈਟੀਟੀ ਅਧਿਆਪਕ ਯੂਨੀਅਨ ਨੇ ਡੀਈਓ ਪ੍ਰਾਇਮਰੀ ਨਾਲ ਕੀਤੀ ਅਹਿਮ ਮੀਟਿੰਗ*

0
40

ਮਾਨਸਾ, 19 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਦੇ ਪੰਚਾਇਤੀ ਵਿਭਾਗ ਤੋਂ ਸਿੱਖਿਆ ਵਿਭਾਗ ਅੰਦਰ ਆਏ ਅਧਿਆਪਕ ਦੀ ਅਨਾਮਲੀ ਨੂੰ ਦੂਰ ਕਰਨ ਸਬੰਧੀ ਅੱਜ ਈਟੀਟੀ ਅਧਿਆਪਕ ਯੂਨੀਅਨ ਮਾਨਸਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਭੁਪਿੰਦਰ ਕੌਰ ਨਾਲ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਹੋਈ। ਮੀਟਿੰਗ ਦੌਰਾਨ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਅਤੇ ਈਟੀਟੀ ਅਧਿਆਪਕ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੇ ਸੀਨੀਅਰ ਕਰਮਚਾਰੀਆਂ ਦੀ ਤਨਖ਼ਾਹ ਜੂਨੀਅਰ ਕਰਮਚਾਰੀਆਂ ਤੋਂ ਘੱਟ ਹੋ ਜਾਣ ਕਰਕੇ ਸੀਨੀਅਰ ਕਰਮਚਾਰੀਆਂ ਨੂੰ ਸਟੈੱਪ ਅੱਪ ਕਰਕੇ ਅਨਾਮਲੀ ਦੂਰ ਕੀਤੀ ਜਾਵੇ। ਇਸ ਤੋਂ ਇਲਾਵਾ ਅਧਿਆਪਕਾਂ ਦੁਆਰਾ ਛੁੱਟੀਆਂ ‘ਚ ਲਾਏ ਗਏ ਕੈਂਪਾਂ, ਚੋਣ ਡਿਊਟੀਆਂ, ਵਾਧੂ ਕੰਮਾਂ ਆਦਿ ਦੇ ਬਦਲੇ ਮਿਲਦੀ ਕਮਾਈ ਛੁੱਟੀ ਨੂੰ ਵੀ ਉਨ੍ਹਾਂ ਦੀ ਸਰਵਿਸ ਬੁੱਕ ਵਿੱਚ ਐਂਟਰੀ ਕੀਤੀ ਜਾਵੇ। ਜਿਸ ਤਹਿਤ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮਾਨਸਾ ਭੁਪਿੰਦਰ ਕੌਰ ਨੇ ਜੰਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਜਲਦੀ ਹੀ ਮਾਨਸਾ ਜ਼ਿਲ੍ਹੇ ਦੇ ਸਮੂਹ ਬੀਪੀਈਓ ਨੂੰ ਪੱਤਰ ਜਾਰੀ ਕਰ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਬਲਾਕਾਂ ਵਿੱਚ ਇਹ ਅਨਾਮਲੀ ਦੂਰ ਕਰਕੇ ਪਿਛਲੇ ਲੰਬੇ ਸਮੇਂ ਤੋਂ ਤਨਖ਼ਾਹਾਂ ਵੀ ਪੈ ਰਹੀਆਂ ਹਨ, ਇੱਥੋਂ ਤੱਕ ਕਿ ਅਨਾਮਲੀ ਦੇ ਬਕਾਏ ਵੀ ਮਿਲ ਚੁੱਕੇ ਹਨ, ਪ੍ਰੰਤੂ ਮਾਨਸਾ ਜ਼ਿਲ੍ਹਾ ਇਸ ਤੋਂ ਵਾਂਝਾ ਹੈ। ਜਦ ਕਿ ਸਾਡੀ ਪੂਰੇ ਪੰਜਾਬ ਕੇਡਰ ਦੀ ਨਿਯੁਕਤੀ ਮਿਤੀ ਇੱਕ ਹੀ ਹੈ, ਜਿਸ ਕਾਰਨ ਮਾਨਸਾ ਜ਼ਿਲ੍ਹੇ ਦੇ ਸਮੂਹ ਈਟੀਟੀ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਮਾਨਸਾ ਜ਼ਿਲ੍ਹੇ ਦੇ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਭੁਪਿੰਦਰ ਕੌਰ ਤੇ ਆਸ ਕਰਦੇ ਹਨ ਕਿ ਉਹ ਜੰਥੇਬੰਦੀ ਦੀ ਅਹਿਮ ਮੰਗ ਦਾ ਤੁਰੰਤ ਹੀ ਹੱਲ ਕਰਨਗੇ। ਉਨ੍ਹਾਂ ਇਹ ਵੀ ਇਸ਼ਾਰਾ ਦਿੰਦੇ ਹੋਏ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਸਮੂਹ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ ਅਨਾਮਲੀ ਦੀ ਇਹ ਅਹਿਮ ਮੰਗ ਤਹਿਤ ਦਫ਼ਤਰ ਵੱਲੋਂ ਵਾਰ ਵਾਰ ਦਿੱਤੇ ਭਰੋਸੇ ਤੋਂ ਅੱਕ ਚੁੱਕੇ ਹਨ, ਹੁਣ ਜੇਕਰ ਅਧਿਆਪਕਾਂ ਦੀ ਇਹ ਹੱਕੀ ਮੰਗ ਜਲਦੀ ਹੀ ਪੂਰੀ ਨਹੀਂ ਕੀਤੀ ਜਾਂਦੀ, ਤਾਂ ਜੰਥੇਬੰਦੀ ਇੱਕ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਅਧਿਆਪਕਾਂ ਦੀ ਜੰਥੇਬੰਦੀ ਦੇ ਆਗੂ ਹਰਦੀਪ ਸਿੰਘ ਸਿੱਧੂ, ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਮਾਨਸਾ, ਬਲਵਿੰਦਰ ਸ਼ਰਮਾਂ ਭੀਖੀ, ਅਕਬਰ ਸਿੰਘ ਬੱਪੀਆਣਾ, ਭੁਪਿੰਦਰ ਸਿੰਘ ਮਾਨਸਾ ਆਦਿ ਹਾਜ਼ਰ ਸਨ।

NO COMMENTS