ਗੁਰਦਾਸਪੁਰ 13 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਮੀਨ ਨੂੰ ਲੈ ਕੇ ਕਤਲ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਹਨ ਤੇ ਹੁਣ ਇਸੇ ਤਰ੍ਹਾਂ ਦਾ ਮਾਮਲਾ ਬਟਾਲਾ ਦੇ ਪਿੰਡ ਕਲੇਰ ਖੁਰਦ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਗਰੁੱਪ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੂਜੇ ਗਰੁੱਪ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਇਹ ਝਗੜਾ 40 ਸਾਲਾਂ ਤੋਂ ਅਦਾਲਤ ਵਿੱਚ ਚੱਲ ਰਿਹਾ ਹੈ।
ਇਸ ਘਟਨਾ ‘ਚ ਗੋਲੀਆਂ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਮੁਤਾਬਕ ਕਾਤਲਾਂ ‘ਚ ਇੱਕ ਸੇਵਾਮੁਕਤ ਫ਼ੌਜੀ ਸ਼ਾਮਲ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਬਿਆਨ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਤੇ ਹਰਭਜਨ ਸਿੰਘ ਵਜੋਂ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ‘ਚ ਨਿਆਂ ਦੀ ਮੰਗ ਕੀਤੀ ਹੈ। ਉਧਰ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਕਰਕੇ ਰਿਟਾਇਰਡ ਫ਼ੌਜੀ ਵਿਰਸਾ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅਮਰੀਕ ਤੇ ਹਰਭਜਨ ‘ਤੇ ਖੇਤਾਂ ‘ਚ ਹਮਲਾ ਕੀਤਾ ਜਿਸ ਦੌਰਾਨ ਅਮਰੀਕ ਤੇ ਹਰਭਜਨ ਦੀ ਮੌਕੇ ‘ਤੇ ਮੌਤ ਹੋ ਗਈ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ‘ਚ ਦੋ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਪੁਲਿਸ ਵੱਲੋਂ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਏਗਾ।