ਮਾਨਸਾ, 23 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਅਦਾਲਤਾਂ ਦੇ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਜੱਜ ਜਸਟਿਸ ਸ਼੍ਰੀ ਵਿਕਾਸ ਸੂਰੀ ਮਾਨਸਾ ਜ਼ਿਲ੍ਹਾ ਅਦਾਲਤਾਂ ਦਾ ਮੁਆਇਨਾ ਕਰਨ ਲਈ ਦੋ ਦਿਨਾਂ ਦੇ ਦੌਰੇ ਲਈ ਪੰਹੁਚੇ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸ਼੍ਰੀਮਤੀ ਨਵਜੋਤ ਕੌਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ, ਐਸ.ਐਸ.ਪੀ. ਡਾ. ਨਾਨਕ ਸਿੰਘ, ਵਕੀਲ ਸ਼੍ਰੀ ਨਵਲ ਕੁਮਾਰ ਗੋਇਲ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਅਤੇ ਹੋਰ ਮੈਂਬਰਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਇਸ ਮੌਕੇ ਜਸਟਿਸ ਸ਼੍ਰੀ ਵਿਕਾਸ ਸੂਰੀ ਨੇ ਅਦਾਲਤੀ ਕੰਪਲੈਕਸ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖਣ ਦਾ ਸੰਦੇਸ਼ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਵੱਲੋਂ ਬਾਰ ਐਸੋਸੀਏਸ਼ਨ ਵਿਖੇ ਸ਼ਿਰਕਤ ਕੀਤੀ ਗਏ ਅਤੇ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤੇ ਗਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਤੋਂ ਪਰਦਾ ਚੁੱਕ ਕੇ ਸ਼ਰਧਾਂਜਲੀ ਭੇਟ ਕੀਤੀ। ਜਸਟਿਸ ਸ਼੍ਰੀ ਵਿਕਾਸ ਸੂਰੀ ਦੇ ਆਗਮਨ ਮੌਕੇ ਵਕੀਲਾਂ ਵੱਲੋਂ ਉਨ੍ਹਾਂ ਨਾਲ ਮੁਸ਼ਕਿਲਾਂ ਨੂੰ ਸਾਂਝਾ ਕੀਤਾ ਗਿਆ ਅਤੇ ਅਦਾਲਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣਾ ਸਹਿਯੋਗ ਦੇਣ ਬਾਰੇ ਦੱਸਿਆ।
ਸੈਸ਼ਨਜ ਜੱਜ ਨੇ ਦੱਸਿਆ ਕਿ ਪ੍ਰਬੰਧਕੀ ਜੱਜ ਸੈਸ਼ਨਜ਼ ਡਵੀਜ਼ਨ ਮਾਨਸਾ ਹਰ ਸਾਲ ਅਦਾਲਤਾਂ ਦਾ ਦੌਰਾ ਕਰਦੇ ਹਨ ਅਤੇ ਇਸ ਦੌਰਾਨ ਉਹ ਅਦਾਲਤਾਂ ਦੇ ਕੰਮ ਨੂੰ ਹੋਰ ਵਧੀਆਂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਰੂਰੀ ਹਦਾਇਤਾਂ ਅਤੇ ਨਿਰਦੇਸ਼ ਦਿੰਦੇ ਹਨ।