ਮਾਨਸਾ 5 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ): 5 ਅਪ੍ਰੈਲ 2023 ਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੰਡੀਅਨ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੀ ਅਗਵਾਈ ਵਿੱਚ ਦਿੱਲੀ ਦੇ ਜੰਤਰ ਮੰਤਰ ਮੈਦਾਨ ਵਿਖੇ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿਚ ਪੰਜਾਬ, ਦਿੱਲੀ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਰਾਜਿਸਥਾਨ, ਮੱਧ ਪ੍ਰਦੇਸ਼ ਅਤੇ ਬੰਗਾਲ ਆਦਿ ਤੋਂ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਆਗੂ ਅਤੇ ਕਾਰਜ ਕਰਤਾ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਿਲ ਹੋਏ।
ਪੰਜਾਬ ਤੋਂ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਗੁਰਮੇਲ ਸਿੰਘ, ਚੇਅਰਮੈਨ ਦਿਲਦਾਰ ਸਿੰਘ ਤੇ ਸੂਬਾ ਕਮੇਟੀ ਮੈਂਬਰ ਚਮਕੌਰ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਇਕ ਵਡਾ ਜਥੇ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ।
ਉਪਰੋਕਤ ਆਗੂਆਂ ਤੋਂ ਇਲਾਵਾ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰੀ ਸੁਭਾਸ਼ ਚੰਦਰ ਸੈਣੀ ਮਾਂਹਾਂ ਸਚਿਵ ਧੰਨਾ ਮੱਲ ਗੋੲਲ ,ਮੀਤ ਪ੍ਰਧਾਨ ਸ੍ਰੀ ਆਂਸ਼ੂ ਕੁਮਾਰ ਤਿਵਾੜੀ, ਹਰਿਆਣਾ ਦੇ ਪ੍ਰਧਾਨ ਸ੍ਰੀ ਸੁਰੇਸ਼ ਸ਼ਰਮਾ, ਉਤਰ ਪ੍ਰਦੇਸ਼ ਦੇ ਓ ਪੀ ਮੋਰੀਆ, ਪ੍ਰੇਮ ਤ੍ਰਿਪਾਠੀ, ਮੱਧ ਪ੍ਰਦੇਸ਼ ਸੇ ਸ਼੍ਰੀ ਕੇ ਕੇ ਸ਼ਰਮਾ ਆਦਿ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।
ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਚ ਮੋਦੀ ਸਰਕਾਰ ਵੱਲੋਂ ਸੈਂਟਰਲ ਮੈਡੀਕਲ ਕੌਂਸਲ ਤੋੜ ਕੇ ਨੈਸ਼ਨਲ ਮੈਡੀਕਲ ਕਮਿਸਨ ਬਣਾਇਆ ਗਿਆ ਸੀ। ਜਿਸ ਅੰਦਰ ਦੇਸ਼ ਦੇ ਪੇਂਡੂ ਖੇਤਰਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਖਾਤਰ ਮੈਡੀਕਲ ਖੇਤਰ ਨਾਲ ਸਬੰਧਤ ਕਈ ਕੈਟਾਗਰੀਆਂ, ਜਿਵੇਂ ਸਟਾਫ ਨਰਸਾਂ, ਏ ਐਨ ਐੱਮਜ਼, ਫਿਜੀਉਥਰੈਪਿਸਟ ਅਤੇ ਪੈਰਾ ਮੈਡੀਕਲ ਕਾਮਿਆਂ ਆਦਿ ਨੂੰ ਛੇ ਮਹੀਨੇ ਦੀ ਟ੍ਰੇਨਿੰਗ ਦੇ ਕੇ ਪ੍ਰੈਕਟਿਸ ਕਾਰਨ ਦਾ ਅਧਿਕਾਰ ਦੇਣ ਦੀ ਵਿਵਸਥਾ ਕੀਤੀ ਗਈ ਸੀ।ਪਰ ਦੇਸ਼ ਭਰ ਦੇ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਜੋ ਕਿ ਦੇਸ਼ ਦੇ ਪਿੰਡਾਂ ਅਤੇ ਸ਼ਹਿਰੀ ਸਲਮ ਬਸਤੀਆਂ ਵਿਚ ਗਰੀਬ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪਿਛਲੇ 50 ਵਰ੍ਹਿਆਂ ਤੋਂ ਪ੍ਰਦਾਨ ਕਰਕੇ ਇੱਕ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ । ਜਿਨ੍ਹਾਂ ਦੀ ਗਿਣਤੀ ਦੇਸ਼ ਅੰਦਰ 15 ਤੋਂ 20 ਲੱਖ ਦੇ ਲੱਗਭੱਗ ਪਾਈ ਜਾਂਦੀ ਹੈ, ਨੂੰ ਇਸ ਸਕੀਮ ਵਿੱਚੋ ਬਿਲਕੁਲ ਹੀ ਅਣਗੌਲਿਆ ਕਰ ਦਿੱਤਾ ਗਿਆ।
ਮਾਨਯੋਗ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਕੇਂਦਰੀ ਸਿਹਤ ਮੰਤਰੀ ਜੀ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਕਿ ਉਹਨਾਂ ਨੂੰ ਵੀ ਟਰੇਨਿੰਗ ਦੀ ਉਪਰੋਕਤ ਸਕੀਮ ਵਿਚ ਸ਼ਾਮਲ ਕੀਤਾ ਜਾਵੇ ਅਤੇ ਪ੍ਰੈਕਟਿਸ ਕਰਨ ਦਾ ਕਨੂੰਨੀ ਅਧਿਕਾਰ ਦਿੱਤਾ ਜਾਵੇ।
ਉਨਾਂ ਦੇਸ਼ ਭਰ ਦੇ ਅਨਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਗਈ ਕਿ ਉਹ ਆਪਣੀ ਏਕਤਾ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਮਿਹਨਤਕਸ਼ ਲੋਕਾਂ ਨਾਲ ਭਾਈਚਾਰਕ ਸਾਂਝ ਵਧਾਉਣ ਅਤੇ ਲੰਮੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ। ਜ਼ਿਕਰਯੋਗ ਹੈ ਕਿ ਇਸ ਸਮੇਂ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਜਨਾਬ ਮੁਹੰਮਦ ਸਦੀਕ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ।